ਲੋਕਾਂ ਲਈ ਵਰਦਾਨ ਸਾਬਤ ਹੋਈ ਸੀਐੱਮ ਦੀ ਯੋਗਸ਼ਾਲਾ : ਰਮਨ ਬਹਿਲ

ਜ਼ਿਲ੍ਹੇ ਵਿੱਚ 130 ਯੋਗਾ ਕਲਾਸਾਂ ਰਾਹੀਂ 27 ਟਰੇਨਰ ਲੋਕਾਂ ਨੂੰ ਰੋਜ਼ਾਨਾਂ ਕਰਵਾ ਰਹੇ ਹਨ ਯੋਗਾ ਆਸਣ

ਗੁਰਦਾਸਪੁਰ, 27 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੀਐਮ ਦੀ ਯੋਗਸ਼ਾਲਾ ਚਲਾਈ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਭਾਗ ਲੈ ਕੇ ਯੋਗ ਨਾਲ ਜੁੜ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਕਈ ਰੋਗੀਆਂ ਵਾਸਤੇ ਇਹ ਯੋਗਸ਼ਾਲਾ ਇੱਕ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੀਐੱਮ. ਦੀ ਯੋਗਸ਼ਾਲਾ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 130 ਯੋਗਾ ਕਲਾਸਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਰਾਹੀਂ ਯੋਗਾ ਦੇ 27 ਟਰੇਨਰ ਲੋਕਾਂ ਨੂੰ ਰੋਜ਼ਾਨਾਂ ਯੋਗਾ ਕਰਵਾ ਰਹੇ ਹਨ ਜਿਸ ਦਾ ਫ਼ਾਇਦਾ ਇਹ ਹੋਇਆ ਹੈ ਕਿ ਯੋਗਾ ਕਲਾਸਾਂ ਲਗਾਉਣ ਵਾਲੇ ਕਈ ਵਿਅਕਤੀਆਂ ਦੇ ਰੋਗ ਠੀਕ ਹੋਏ ਹਨ। ਉਨ੍ਹਾਂ ਕਿਹਾ ਯੋਗ ਰਾਹੀਂ ਨਿਰੋਗ ਜੀਵਨ ਬਸਰ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਾਭ ਹਰ ਕਿਸੇ ਨੂੰ ਉਠਾਉਣਾ ਚਾਹੀਦਾ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿੱਚ ਸੀਐੱਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮੋਬਾਈਲ 76694-00500 ਨੰਬਰ ਉੱਪਰ ਇੱਕ ਮਿਸ ਕਾਲ ਕਰ ਸਕਦੇ ਹਨ, ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਇੱਕ ਯੋਗਾ ਟਰੇਨਰ ਭੇਜਿਆ ਜਾਵੇਗਾ ਜੋ ਉਹ ਮੁਹੱਲੇ ਦੇ ਵਸਨੀਕਾਂ ਨੂੰ ਰੋਜ਼ਾਨਾਂ ਮੁਫ਼ਤ ਯੋਗਾ ਕਰਵਾਏਗਾ। ਉਨ੍ਹਾਂ ਕਿਹਾ ਕਿ ਯੋਗਾ ਕਲਾਸਾਂ ਸਬੰਧੀ ਵਧੇਰੇ ਜਾਣਕਾਰੀ ਲਈ ਸੀਐੱਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਦੇ ਮੋਬਾਈਲ ਨੰਬਰ 99146 81801 ਉੱਪਰ ਸੰਪਰਕ ਕਰ ਸਕਦੇ ਹਨ।

Exit mobile version