ਨੰਗਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ ਪੰਜਾਬ ਸਰਕਾਰ, ਸ੍ਰੀ ਅਨੰਦਪੁਰ ਸਾਹਿਬ ਦੇ ਝੱਜਰ ਬਚੌਲੀ ਵਿੱਚ ਬਣੇਗਾ ਸੂਬੇ ਦਾ ਪਹਿਲਾ ਤੇਂਦੂਆ ਸਫਾਰੀ ਕੇਂਦਰ

ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਅਲਾਟ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ

“ਬਦਲਦਾ ਪੰਜਾਬ” ਬਜਟ ਨੂੰ ਮੀਲ ਪੱਥਰ ਦੱਸਿਆ

ਚੰਡੀਗੜ੍ਹ, 26 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਰਾਸਤ, ਸੈਰ-ਸਪਾਟਾ ਅਤੇ ਜੰਗਲੀ ਜੀਵ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਪੁੱਟਦਿਆਂ ਨੰਗਲ ਨੂੰ ਸੂਬੇ ਦੇ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਨੈਨਾ ਦੇਵੀ ਮਾਰਗ ‘ਤੇ ਸਥਿਤ ਪਿੰਡ ਝੱਜਰ ਬਚੌਲੀ ਜੰਗਲੀ-ਜੀਵ ਰੱਖ ਨੂੰ ਰੋਮਾਂਚਕ ਈਕੋ-ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਸਦਕਾ ਸੈਲਾਨੀਆਂ ਨੂੰ ਤੇਂਦੂਏ ਅਤੇ ਹੋਰ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ‘ਤੇ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲੇਗਾ।

ਵਿੱਤੀ ਵਰ੍ਹੇ 2025-26 ਲਈ ਪੰਜਾਬ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਕਾਇਆ ਕਲਪ ਦਾ ਜ਼ਿਕਰ ਕੀਤਾ ਅਤੇ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਤਿਆਰੀਆਂ ਲਈ ਇੱਕ ਵਿਸ਼ੇਸ਼ ਬਜਟ ਵੀ ਰੱਖਿਆ ਹੈ।

ਇਸ ਬਜਟ ਨੂੰ ਮੀਲ ਪੱਥਰ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਨੂੰ ਸੂਬੇ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਲਈ ਸ਼ੁਰੂਆਤੀ ਤੌਰ ‘ਤੇ 10 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸਹੂਲਤਾਂ ਨੂੰ ਵਧਾਉਣਾ, ਸੈਰ-ਸਪਾਟੇ ਦੀ ਸੰਭਾਵਨਾ ਵਾਲੀਆਂ ਥਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਝੱਜਰ ਬਚੌਲੀ ਜੰਗਲੀ-ਜੀਵ ਰੱਖ (ਵਾਈਲਡਲਾਈਫ ਸੈਂਚੂਰੀ) ਨੂੰ ਈਕੋ-ਟੂਰਿਜ਼ਮ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜੰਗਲੀ ਜੀਵ ਰੱਖ ਦੇ ਬਣਨ ਉਪਰੰਤ ਇਹ ਪੰਜਾਬ ਦੀ ਪਹਿਲੀ ਵਾਈਲਡਲਾਈਫ ਸੈਂਚੂਰੀ ਬਣ ਜਾਵੇਗੀ ਜਿੱਥੇ ਸੈਲਾਨੀ ਤੇਂਦੂਏ ਅਤੇ ਹੋਰ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰਤੀ ਸਥਾਨਾਂ ਵਿੱਚ ਨਜ਼ਦੀਕ ਤੋਂ ਦੇਖ ਸਕਣਗੇ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਅਲਾਟ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਜੋ ਵੱਡੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਸ਼ਹਿਰ ਹੈ, ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸ਼ਹਿਰ ਦੇ ਬੁਨਿਆਦੀ ਢਾਂਚੇ, ਸੱਭਿਆਚਾਰਕ ਤੇ ਵਿਰਾਸਤੀ ਦਿੱਖ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।

FacebookTwitterEmailWhatsAppTelegramShare
Exit mobile version