ਐੱਸ.ਐੱਸ.ਪੀ. ਆਦਿੱਤਿਆ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਵੱਲੋਂ ਕੇਂਦਰੀ ਜੇਲ੍ਹ ਵਿੱਚ ਸਰਚ ਓਪਰੇਸ਼ਨ ਚਲਾਇਆ ਗਿਆ

15 ਬੈਰਕਾਂ ਦੀ ਚੈਕਿੰਗ ਦੌਰਾਨ 1491 ਬੰਦੀਆਂ ਦੀ ਬਾਰੀਕੀ ਨਾਲ ਕੀਤੀ ਚੈਕਿੰਗ

ਗੁਰਦਾਸਪੁਰ ਪੁਲਸ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ – ਐੱਸ.ਐੱਸ.ਪੀ. ਆਦਿੱਤਿਆ

ਗੁਰਦਾਸਪੁਰ, 16 ਮਾਰਚ 2025 (ਦੀ ਪੰਜਾਬ ਵਾਇਰ)– ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਤਹਿਤ ਗੁਰਦਾਸਪੁਰ ਪੁਲਸ ਵੱਲੋਂ ਅੱਜ ਸਵੇਰੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਸਰਚ ਓਪਰੇਸ਼ਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਆਈ.ਪੀ.ਐੱਸ. ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ, ਆਈ.ਪੀ.ਐੱਸ. ਦੀ ਦੇਖ-ਰੇਖ ਹੇਠ ਹੋਇਆ।

ਇਸ ਸਰਚ ਓਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ, ਆਈ.ਪੀ.ਐੱਸ. ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਰਚ ਓਪਰੇਸ਼ਨ ਦੌਰਾਨ ਜੇਲ੍ਹ ਵਿੱਚ ਕੁੱਲ 15 ਬੈਰਕਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ 14 ਬੈਰਕਾਂ ਮਰਦਾਂ ਦੀਆਂ ਅਤੇ 1 ਬੈਰਕ ਮਹਿਲਾ ਬੰਦੀਆਂ ਦੀ ਸੀ। ਇਸ ਤੋਂ ਇਲਾਵਾ ਜੇਲ੍ਹ ਵਿੱਚ ਸਥਿਤ ਹਸਪਤਾਲ, ਫੈਕਟਰੀ ਅਤੇ ਚੱਕੀ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਓਪਰੇਸ਼ਨ ਦੌਰਾਨ ਜੇਲ੍ਹ ਵਿੱਚ ਬੰਦ 1491 ਬੰਦੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਐੱਸ.ਐੱਸ.ਪੀ. ਗੁਰਦਾਸਪੁਰ ਨੇ ਦੱਸਿਆ ਕਿ ਇਸ ਸਰਚ ਓਪਰੇਸ਼ਨ ਦੌਰਾਨ ਉਨ੍ਹਾਂ ਸਮੇਤ 1 ਐੱਸ.ਪੀ., 6 ਡੀ.ਐੱਸ.ਪੀ., 6 ਐੱਸ.ਐੱਚ.ਓ., ਸੀ.ਆਈ.ਏ. ਦੇ ਇੰਚਾਰਜ ਅਤੇ 200 ਪੁਲਸ ਕਰਮੀ ਮੌਜੂਦ ਸਨ। ਇਸ ਤੋਂ ਇਲਾਵਾ ਚੈਕਿੰਗ ਓਪਰੇਸ਼ਨ ਦੌਰਾਨ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਸਟਾਫ ਵੀ ਮੌਜੂਦ ਸੀ।

ਐੱਸ.ਐੱਸ.ਪੀ. ਆਦਿੱਤਿਆ ਨੇ ਦੱਸਿਆ ਕਿ ਚੈਕਿੰਗ ਓਪਰੇਸ਼ਨ ਦੌਰਾਨ ਬੈਰਕਾਂ ਵਿਚੋਂ ਛੋਟੇ ਨੋਕੀਲੇ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚੋਂ ਨਸ਼ੀਲੇ ਪਦਾਰਥ ਜਾਂ ਮੋਬਾਇਲ ਫੋਨ ਬਰਾਮਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਚ ਓਪਰੇਸ਼ਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਓਪਰੇਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਸ ਗੁਰਦਾਸਪੁਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।

Exit mobile version