ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਦੂਜਾ ਪੜਾਅ ਸ਼ੁਰੂ ਹੋਇਆ

ਇੰਟਰਨਸ਼ਿਪ ਲਈ  ਰਜਿਸਟਰੇਸ਼ਨ ਦੀ ਪ੍ਰਕਿਰਿਆ 12 ਮਾਰਚ 2025 ਤੱਕ ਪੋਰਟਲ ‘ਤੇ ਸ਼ੁਰੂ


ਗੁਰਦਾਸਪੁਰ, 3 ਮਾਰਚ 2025 (ਦੀ ਪੰਜਾਬ ਵਾਇਰ)– ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ-2 ਸ਼ੁਰੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਮੁੱਖ ਉਦੇਸ਼ ਉਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਵਾ ਕੇ ਰੋਜ਼ਗਾਰ ਦੇ ਯੋਗ ਬਣਾਉਣਾ ਹੈ।  ਨੌਜਵਾਨ ਜੋ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ https://pminternship.mca.gov.in/ ਵੈੱਬਸਾਈਟ ਤੇ ਜਾ ਕੇ  ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ  ਪੜਾਅ 2 ਦੇ ਤਹਿਤ ਅਪਲਾਈ ਕਰ ਸਕਦੇ ਹਨ । ਇੰਟਰਨਸ਼ਿਪ ਲਈ  ਰਜਿਸਟਰੇਸ਼ਨ ਦੀ ਪ੍ਰਕਿਰਿਆ 12 ਮਾਰਚ 2025 ਤੱਕ ਪੋਰਟਲ ‘ਤੇ ਸ਼ੁਰੂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਦਾ ਟੀਚਾ 5 ਸਾਲਾ ਵਿੱਚ ਚੋਟੀ ਦੀਆ 500 ਕੰਪਨੀਆਂ ਵਿੱਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ ਪ੍ਰਮੁੱਖ ਕੰਪਨੀਆਂ ਵਿੱਚ  ਨੌਜਵਾਨਾਂ ਨੂੰ 12 ਮਹੀਨਿਆਂ ਲਈ  ਵੱਖ-ਵੱਖ ਪੇਸ਼ਿਆਂ ਅਤੇ ਰੋਜ਼ਗਾਰ ਦੇ ਮੌਕਿਆਂ ਲਈ  ਅਸਲ ਜੀਵਨ ਦੇ ਮਾਹੌਲ ਵਿੱਚ ਸਿਖਲਾਈ, ਅਨੁਭਵ ਅਤੇ ਹੁਨਰ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ਜੋ ਪੜ੍ਹਾਈ ਅਤੇ ਉਦਯੋਗ ਦੀਆ ਲੋੜਾਂ ਵਿਚਕਾਰ ਗੈਪ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ  ਅਤੇ ਪ੍ਰਾਰਥੀ ਦੀ  ਰੋਜ਼ਗਾਰ ਯੋਗਤਾ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇੰਟਰਨਸ਼ਿਪ ਕਰਨ ਲਈ ਯੋਗਤਾ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ, ਡਿਪਲੋਮਾ ਅਤੇ ਗਰੈਜੂਏਸ਼ਨ ਪਾਸ ਹੈ ਅਤੇ ਉਮਰ 21 ਤੋਂ 24 ਸਾਲ  ਹੋਣੀ ਚਾਹੀਦੀ ਹੈ। ਇਸ ਤੋ ਇਲਾਵਾ ਪ੍ਰਾਰਥੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਕਰਮਚਾਰੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਸਕੀਮ ਤਹਿਤ ਹਰ ਇੰਟਰਨਰ ਨੂੰ 5000/- ਰੁਪਏ ਮਹੀਨਾਵਾਰ ਮਾਣਭੱਤਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਕੁੱਝ ਕੰਪਨੀਆਂ ਵੱਲੋਂ ਇੰਟਰਨਸ਼ਿਪ ਲਈ ਚੁਣੇ ਗਏ ਨੌਜਵਾਨਾਂ ਨੂੰ ਮਾਣਭੱਤਾ, ਰਿਹਾਇਸ਼ ਅਤੇ ਕੰਟੀਨ ਦੀ ਸੁਵਿਧਾ ਵੀ ਦਿੱਤੀ ਜਾ ਸਕਦੀ ਹੈ । ਜੋ ਸਿੱਖਿਆਰਥੀ/ਨੌਜਵਾਨ ਇਸ ਇੰਟਰਨਸ਼ਿਪ ਲਈ ਚੁਣੇ ਜਾਣਗੇ, ਉਨ੍ਹਾਂ ਨੂੰ  ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ  ਪ੍ਰਧਾਨ ਮੰਤਰੀ ਸੁਰੱਖਿਆ  ਬੀਮਾ ਤਹਿਤ ਬੀਮਾ ਕਵਰੇਜ ਵੀ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਸ ਸਕੀਮ ਅਧੀਨ 10ਵੀ, ਆਈ.ਟੀ.ਆਈ ਅਤੇ ਗ੍ਰੈਜੂਏਟ ਪਾਸ ਪ੍ਰਾਰਥੀਆਂ ਲਈ ਐੱਚ.ਡੀ.ਐੱਫ.ਸੀ. ਬੈਂਕ ਲਿਮਟਿਡ, ਜੁਬਲੀਐਂਟ ਫੂਡ ਵਰਕਸ, ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਿੱਚ ਅਸਾਮੀਆਂ ਪ੍ਰਾਪਤ ਹੋਈਆ ਹਨ, ਇਸ ਲਈ  ਉਕਤ ਯੋਗਤਾ ਵਾਲੇ ਪਾਸ ਆਊਟ ਅਤੇ  ਡਰਾਪ ਆਊਟ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਉਠਾਉਣ ਲਈ  https://pminternship.mca.gov.in/ ਵੈੱਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਰਜਿਸਟਰੇਸ਼ਨ ਬਿਲਕੁਲ ਮੁਫ਼ਤ ਹੈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਇਸ ਸਕੀਮ ਲਈ ਇੱਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਆ ਕੇ ਪ੍ਰਾਰਥੀ ਆਪਣੇ ਆਪ ਨੂੰ ਇਸ ਸਕੀਮ ਤਹਿਤ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫ਼ਤਰ ਦੇ ਹੈਲਪ ਲਾਈਨ ਨੰਬਰ 9478727217 ਤੇ ਸੰਪਰਕ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰਬਰ 217, ਬਲਾਕ –ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਨਿੱਜੀ ਤੌਰ ਤੇ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

FacebookTwitterEmailWhatsAppTelegramShare
Exit mobile version