ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਟੀ.ਪੀ. ਯੂਨਿਟ ਦਾ ਅਚਨਚੇਤ ਨਿਰੀਖਣ ਕਰਕੇ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ

ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਸੂਚੀ ਅਨੁਸਾਰ ਟੀਕਾਕਰਨ ਅਤਿ ਜ਼ਰੂਰੀ – ਏ.ਡੀ.ਸੀ. ਡਾ. ਬੇਦੀ

ਗੁਰਦਾਸਪੁਰ, 27 ਫਰਵਰੀ 2025 (ਦੀ ਪੰਜਾਬ ਵਾਇਰ )। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਜ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਟੀ.ਪੀ. ਯੂਨਿਟ ਦਾ ਅਚਨਚੇਤ ਨਿਰੀਖਣ ਕਰਕੇ ਓਥੇ ਬੱਚਿਆਂ ਦੇ ਹੋ ਰਹੇ ਟੀਕਾਕਰਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਵੀ ਮੌਜੂਦ ਸਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਟੀ.ਪੀ. ਯੂਨਿਟ ਦੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ ਗਈ ਜਿਸ ਦੌਰਾਨ ਸਾਰਾ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਮੌਕੇ ਉਨ੍ਹਾਂ ਮਾਵਾਂ ਤੇ ਬੱਚਿਆਂ ਦੇ ਟੀਕਾਕਰਨ ਦਾ ਰਿਕਾਰਡ, ਵੈਕਸੀਨ ਦੀ ਸਟੋਰੇਜ ਅਤੇ ਕੋਲਡ ਚੇਨ, ਬਾਇਓ ਮੈਡੀਕਲ ਵੇਸਟ ਮੈਨੇਜਮੈਂਟ, ਡਿਸਪੋਜ਼ੇਬਲ ਸੂਈਆਂ, ਸਰਿੰਜਾਂ ਤੇ ਵੈਕਸੀਨ ਦੇ ਰੱਖ-ਰਖਾਅ ਆਦਿ ਸਬੰਧੀ ਚੈਕਿੰਗ ਕਰ ਕੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਸਿਹਤ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਦੇ 100 ਫ਼ੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਤਹਿ ਸਮੇਂ ਉੱਪਰ ਉਹ ਆਪਣੇ ਬੱਚੇ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਸ ਮੌਕੇ ਉਨ੍ਹਾਂ ਟਰੇਨਿੰਗ ਕਰ ਰਹੀਆਂ ਏ.ਐੱਨ.ਐੱਮ. ਦੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੀ ਟਰੇਨਿੰਗ ਨੂੰ ਦਿਲ ਲਗਾ ਕੇ ਕਰਨ ਤਾਂ ਜੋ ਭਵਿੱਖ ਵਿੱਚ ਮੈਡੀਕਲ ਖੇਤਰ ਵਿੱਚ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਮਿਲ ਸਕੇ। ਇਸ ਮੌਕੇ ਉਨ੍ਹਾਂ ਟੀ.ਪੀ. ਯੂਨਿਟ ਵਿੱਚ ਪਹੁੰਚੀਆਂ ਬੱਚਿਆਂ ਦੀ ਮਾਵਾਂ ਨਾਲ ਵੀ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਸੂਚੀ ਅਨੁਸਾਰ ਟੀਕਾਕਰਨ ਅਤਿ ਜ਼ਰੂਰੀ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਹਤ ਮਾਹਿਰਾਂ ਵੱਲੋਂ ਨਿਰਧਾਰਿਤ ਕੀਤੇ ਗਏ ਸਾਰੇ ਟੀਕੇ ਸਮੇਂ ਸਿਰ ਜ਼ਰੂਰ ਲਗਾਉਣੇ ਚਾਹੀਦੇ ਹਨ।

Exit mobile version