ਸੱਤਾ ਦੀ ਲਾਲਚੀ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਲਈ ਪੱਬਾਂ ਭਾਰ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 26 ਫਰਵਰੀ 2025 (ਦੀ ਪੰਜਾਬ ਵਾਇਰ)– ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸੱਤਾ ਦੇ ਲਾਲਚੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਹਨ ਤੇ ਇਹੀ ਕਾਰਣ ਹੈ ਕਿ ਉਹਨਾਂ ਦੀ ਪਾਰਟੀ ਨੇ ਮੌਜੂਦਾ ਐਮ ਪੀ ਸੰਜੀਵ ਅਰੋੜਾ ਨੂੰ ਆਪਣੀ ਰਾਜ ਸਭਾ ਸੀਟ ਉਹਨਾਂ ਲਈ ਖਾਲੀ ਕਰਨ ਵਾਸਤੇ ਮਜਬੂਰ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਰਾਜ ਸਭਾ ਐਮ ਪੀ ਸੰਜੀਵ ਅਰੋੜਾ ਨੂੰ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ ਤਾਂ ਜੋ ਕੇਜਰੀਵਾਲ ਦਾ ਰਾਜ ਸਭਾ ਵਿਚ ਦਾਖਲਾ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪੂਰੀ ਧੱਕੇਸ਼ਾਹੀ ਕਰ ਕੇ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਲਈ ਚੁਣ ਲਿਆ ਜਾਵੇ ਤਾਂ ਜੋ  ਸੂਬੇ ਤੋਂ ਰਾਜ ਸਭਾ ਦੀ ਇਕ ਸੀਟ ਖਾਲੀ ਹੋ ਜਾਵੇ। ਉਹਨਾਂ ਕਿਹਾ ਕਿ ਕੇਜਰੀਵਾਲ ਇਸ ਨਾਲ ਦੂਹਰਾ ਫਾਇਦਾ ਲੈਣਾ ਚਾਹੁੰਦੇ ਹਨ। ਇਕ ਤਾਂ ਕੌਮੀ ਰਾਜਧਾਨੀ ਵਿਚ ਉਹਨਾਂ ਨੂੰ ਆਪਣੇ ਨਾਂ ’ਤੇ ਸਰਕਾਰੀ ਬੰਗਲਾ ਮਿਲ ਜਾਵੇਗਾ ਅਤੇ ਐਮ ਪੀ ਵਜੋਂ ਤਨਖਾਹਾਂ, ਭੱਤੇ ਤੇ ਸੱਤਾ ਦਾ ਲਾਭ ਮਿਲੇਗਾ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਪੰਜਾਬ ਨੂੰ ਦਿੱਲੀ ਵਿਚ ਆਪ ਹਾਈ ਕਮਾਂਡ ਦੇ ਪੈਰਾਂ ਵਿਚ ਸੁੱਟ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਖ਼ਜ਼ਾਨਾ ਆਪ ਅਤੇ ਫੇਲ੍ਹ ਕੇਜਰੀਵਾਲ ਮਾਡਲ ਦੇ ਦੇਸ਼ ਭਰ ਵਿਚ ਪ੍ਰਚਾਰ ਵਾਸਤੇ ਲੁਟਾਇਆ ਗਿਆ ਅਤੇ ਹੁਣ ਆਪ ਕਨਵੀਨਰ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਜਾ ਰਿਹਾ ਹੈ।

ਸਰਦਾਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਇਹ ਨਾ ਭੁੱਲਣ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫਤਵਾ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰਨ ਲਈ ਦਿੱਤਾ ਸੀ ਨਾਕਿ  ਦਿੱਲੀ ਦੇ ਆਕਾਵਾਂ ਦੀ ਸੇਵਾ ਵਾਸਤੇ।

ਉਹਨਾਂ ਕਿਹਾ ਕਿ ਪੰਜਾਬੀ ਹੁਣ 2027 ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ 2022 ਵਿਚ ਹੋਈ ਇਤਿਹਾਸਕ ਗਲਤੀ ਨੂੰ ਦਰੁਸਤ ਕਰ ਸਕਣ ਜਿਸ ’ਤੇ ਉਹ ਹੁਣ ਪਛਤਾ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੀਆਂ ਸਾਰੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਸੂਬੇ ਦੀ ਭਲਾਈ ਦੇ ਉਲਟ ਲਏ ਆਪਣੇ ਹਰ ਫੈਸਲੇ ਦਾ ਜਵਾਬ ਦੇਣਾ ਪਵੇਗਾ।

Exit mobile version