ਗੰਨੇ ਦੀ ਫ਼ਸਲ ਨੂੰ ਰੱਤੇ ਰੋਗ ਤੋਂ ਬਚਾਉਣ ਲਈ ਬੀਜ਼ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ
ਗੁਰਦਾਸਪੁਰ, 26 ਫਰਵਰੀ 2025 (ਦੀ ਪੰਜਾਬ ਵਾਇਰ) – ਗੰਨੇ ਦੀ ਫਸਲ, ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਜਿਸ ਤੋਂ ਵਧੇਰੇ ਪੈਦਾਵਾਰ ਲੈਣ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਅਪਨਾਉਣ ਦੀ ਜ਼ਰੂਰਤ ਹੈ। ਬਲਾਕ ਦੀਨਾਨਗਰ ਦੇ ਪਿੰਡ ਕੱਤੋਵਾਲ ਵਿੱਚ ਇਕੱਤਰ ਗੰਨਾ ਕਾਸਤਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਕਰੀਬਨ ਪੰਜੀ ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸਤ ਕੀਤੀ ਜਾਂਦੀ ਹੈ। ਉਨਾਂ ਦੱਸਿਆ ਗੰਨੇ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਅਪਨਾਉਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਮੌਸਮੀ ਤਬਦੀਲੀਆਂ ਕਾਰਨ ਗੰਨਾ ਕਾਸਤਕਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨਾਂ ਮੁਸ਼ਕਲਾਂ ਵਿੱਚੋਂ ਰੱਤਾ ਰੋਗ ਅਜਿਹੀ ਸਮੱਸਿਆ ਹੈ ਜੋ ਗੰਨੇ ਦੀ ਫਸਲ ਲਈ ਖਤਰਾ ਬਣਦੀ ਜਾ ਰਹੀ ਹੈ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਗੰਨੇ ਦੀ ਬਿਜਾਈ ਲਈ ਲੋੜੀਂਦਾ ਬੀਜ ਰੋਗ ਰਹਿਤ ਫਸਲ ਤੋਂ ਲੈਣਾ ਚਾਹੀਦਾ।ਉਨਾਂ ਕਿਹਾ ਕਿ ਬਿਜਾਈ ਲਈ ਬੀਜ ਵਾਲੇ ਗੰਨੇ ਦਾ ਉਪਰਲਾ ਦੋ ਤਿਹਾਈ ਹਿਸਾ ਹੀ ਵਰਤਣਾ ਚਾਹੀਦਾ ਜੋ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੁੰਦਾ ਹੈ ਜਦ ਮੁੱਢ ਵਾਲਾ ਹਿੱਸਾ ਕੀੜੇ ਅਤੇ ਬਿਮਾਰੀਆਂ ਤੋਂ ਪ੍ਰਭਾਵਤ ਹੁੰਦਾ ਹੈ ਅਤੇ ਉੱਗਦਾ ਵੀ ਘੱਟ ਹੈ। ਉਨਾਂ ਕਿਹਾ ਕਿ ਗੰਨਾ ਦੇ ਬੀਜ ਦੀ ਚੋਣ ਕਰਨ ਸਮੇਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬੀਜ ਵੱਲੇ ਗੰਨੇ ਰੱਤਾ ਰੋਗ, ਛੋਟੀਆਂ ਪੋਰੀਆਂ ਦੇ ਰੋਗ ਅਤੇ ਕਾਂਗਿਆਰੀ ਵਰਗੀਆਂ ਬਿਮਾਰੀਆਂ ਤੋਂ ਰਹਿਤ ਹੋਵੇ। ਉਨਾਂ ਕਿਹਾ ਕਿ ਗੰਨੇ ਦੀ ਫਸਲ ਦੇ ਚੰਗੇ ਜੰਮ ਲਈ ਬਿਜਾਈ ਤੋਂ ਪਹਿਲਾਂ ਤਿਆਰ ਕੀਤੇ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਰਾਤ ਭਰ ਭਿਉਂ ਲੈਣਾ ਚਾਹੀਦਾ ਹੈ। ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਡੁਬੋ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਜਿਵੇਂ ਖਾਲੀ ਵਿਧੀ ਜਾਂ ਦੋ ਕਤਾਰੀ ਖਾਲੀ ਵਿਧੀ ਨਾਲ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵਧੇਰੇ ਆਰਥਿਕ ਫਾਇਦਾ ਲੈਣ ਲਈ ਅੰਤਰ ਫਸਲਾਂ ਜਿਵੇਂ ਗਰਮੀ ਰੁੱਤ ਦੇ ਮਾਂਹ ਜਾਂ ਮੂੰਗੀ ਜਾਂ ਜਾਪਾਨੀ ਪੁਦੀਨਾ ਜਾਂ ਭਿੰਡੀ ਦੀ ਕਾਸਤ ਵੀ ਕਤਿੀ ਜਾ ਸਕਦੀ ਹੈ। ਉਨਾਂ ਕਿਹਾ ਕਿ ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 4 ਟਨ ਦੇਸੀ ਰੂੜੀ ਪ੍ਰਤੀ ਵਿੱਚ 4 ਕਿਲੋ ਅਜੋਟੋਬੈਕਟਰ ਨਾਮਕ ਜੈਵਿਕ ਖਾਦ ਮਿਲਾ ਕੇ ਪਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਮਿੱਟੀ ਪਰਖ ਦੀ ਰਿਪੋਰਟ ਦੇ ਮੁਤਾਬਿਕ ਫਾਸਫੋਰਸ ਤੱਤ ਦੀ ਘਾਟ ਹੈ ਤਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਪ੍ਰਤੀ ਏਕੜ ਬਿਜਾਈ ਸਮੇਂ ਪਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਗੰਨੇ ਦੀ ਫਸਲ ਦੀ ਬਿਜਾਈ ਸਮੇਂ ਜਿਪਸਮ ਵੀ ਪਾਈ ਜਾ ਸਕਦੀ ਹੈ ਜੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ `ਤੇ ਦਿੱਤੀ ਜਾ ਰਹੀ ਹੈ ਅਤੇ ਚਾਹਵਾਨ ਕਿਸਾਨ ਸਬੰਧਤ ਖੇਤੀਬਾੜੀ ਦਫਤਰਾਂ ਤੋਂ ਲੈ ਸਕਦੇ ਹਨ।
ਨਦੀਨਾਂ ਦੀ ਰੋਕਥਾਮ ਬਾਰੇ ਉਨਾਂ ਦੱਸਿਆ ਕਿ ਗੰਨੇ ਦੀ ਬਿਜਾਈ ਤੋਂ 2-3 ਦਿਨਾਂ ਦੇ ਅੰਦਰ 800 ਗ੍ਰਾਮ ਐਟਰਾਟਾਫ ਜਾਂ ਮੈਟਰੀਬਿਯੂਜਨ ਜਾਂ ਡਾਈਯੂਰੋਨ 80 ਡਬਲਿਯੂ ਪੀ ਜਾਂ 1000 ਗ੍ਰਾਮ ਸਲਫੈਂਟਰਜ਼ੋਨ ਪਲੱਸ ਕਲੋਮਾਜ਼ੋਨ 58 ਡਬਲਿਯੂ ਪੀ ਨੂੰ 200 ਲਿਟਰ ਪਾਣੀ ਦੇ ਘੋਲਦਾ ਛਿੜਕਾਅ ਕਰਨ ਨਾਲ ਮੌਸਮੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫਸਰ, ਡਾ. ਪ੍ਰਭਜੋਤ ਸਿੰਘ ਡਿਪਟੀ ਪੀ.ਡੀ. ਆਤਮਾ, ਪ੍ਰਭਜੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ, ਸੁਖਜਿੰਦਰ ਸਿੰਘ ਸਮੇਤ ਸਮੂਹ ਸਟਾਫ ਅਤੇ ਕਿਸਾਨ ਹਾਜ਼ਰ ਸਨ।
