ਚੇਅਰਮੈਨ ਰਮਨ ਬਹਿਲ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ
ਗੁਰਦਾਸਪੁਰ, 19 ਫਰਵਰੀ 2025 (ਦੀ ਪੰਜਾਬ ਵਾਇਰ)– ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵੱਲੋਂ ਅੱਜ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਵਿਖੇ ਇੱਕ ਰੋਜ਼ਾ ਨਰਸਿੰਗ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ 450 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਪੁਨੀਤ ਗਿਰਧਰ, ਰਜਿਸਟਰਾਰ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ, ਡਾ. ਐੱਸ.ਐੱਸ. ਢਿੱਲੋਂ ਚੇਅਰਮੈਨ ਸਿਟੀ ਨਰਸਿੰਗ ਕਾਲਜ ਸਮੇਤ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ।
ਨਰਸਿੰਗ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਨਰਸਿੰਗ ਸੰਸਥਾਵਾਂ ਨੂੰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਰਸਿੰਗ ਕਿੱਤੇ ਨੂੰ ਡਾਕਟਰੀ ਕਿੱਤੇ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਬਹਿਲ ਨੇ ਕਿਹਾ ਕਿ ਇੰਡੋਰ ਮਰੀਜ਼ਾਂ ਦੇ ਇਲਾਜ ਵਿੱਚ ਡਾਕਟਰਾਂ ਦੀ ਤਰ੍ਹਾਂ ਨਰਸਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੀਨੀਕਲ ਡਿਊਟੀਆਂ ਤਨਦੇਹੀ ਅਤੇ ਜੋਸ਼ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਹਨ ਜੋ ਕੋਰਸ ਦੀ ਪ੍ਰੀਖਿਆ ਅਤੇ ਮੁਲਾਂਕਣ ਦਾ ਹਿੱਸਾ ਹੋ ਸਕਦੀਆਂ ਹਨ।
ਰਮਨ ਬਹਿਲ ਨੇ ਕਿਹਾ ਕਿ ਨਰਸਿੰਗ ਸਿੱਖਿਆ ਡਾਕਟਰੀ ਕਿੱਤੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਅਜਿਹੀਆਂ ਸੈਂਕੜੇ ਉਦਾਹਰਨਾਂ ਹਨ ਜਿੱਥੇ ਨਰਸਾਂ ਨੇ ਮੁਸ਼ਕਿਲ ਸਮੇਂ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 250 ਤੋਂ ਵੱਧ ਨਰਸਿੰਗ ਕਾਲਜ ਹਨ ਜੋ ਹਰ ਸਾਲ ਹਜ਼ਾਰਾਂ ਨਰਸਿੰਗ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਕੇ ਉਨ੍ਹਾਂ ਦੀ ਸਿਧਾਂਤਕ ਅਤੇ ਪ੍ਰੈਕਟੀਕਲ ਸਿਖਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਡਾ. ਭਾਰਤ ਪਾਰੀਕ ਪ੍ਰੋਫੈਸਰ ਕੋਆਰਡੀਨੇਟਰ ਅਕਾਲ ਕਾਲਜ ਆਫ਼ ਨਰਸਿੰਘ ਬੜੂ ਸਾਹਿਬ ਸਿਰਮੌਰ ਹਿਮਾਚਲ ਪ੍ਰਦੇਸ਼, ਡਾ. ਦਵਿੰਦਰ ਕੌਰ ਪ੍ਰਿੰਸੀਪਲ ਗਿਆਨ ਸਾਗਰ ਨਰਸਿੰਗ ਕਾਲਜ ਰਾਜਪੁਰਾ, ਡਾ. ਸੁਸ਼ਮਾ ਸੈਣੀ ਐਸੋਸੀਏਟ ਪ੍ਰੋਫੈਸਰ ਐੱਨ.ਆਈ.ਐੱਨ.ਈ. ਪੀ.ਜੀ.ਆਈ. ਚੰਡੀਗੜ੍ਹ, ਦਿਲਦੀਪ ਕੌਰ ਪ੍ਰਿੰਸੀਪਲ ਸਰਕਾਰੀ ਇੰਸਟੀਚਿਊਟ ਆਫ਼ ਨਰਸਿੰਗ ਰੋਪੜ, ਮਨਪ੍ਰੀਤ ਕੌਰ ਪ੍ਰਿੰਸੀਪਲ ਗੁਰੂ ਰਾਮਦਾਸ ਵੱਲਾ ਵੱਲੋਂ ਪ੍ਰਮੁੱਖ ਗਤੀਵਿਧੀਆਂ ਵਿੱਚ ਪੰਜਾਬ ਵਿੱਚ ਨਰਸਿੰਗ ਵਿਦਿਆਰਥੀਆਂ ਲਈ ਵਿਸ਼ੇਸ਼ ਚੁਣੌਤੀਆਂ ਬਾਰੇ ਪੈਨਲ ਚਰਚਾ, ਜ਼ਿਲ੍ਹਾ ਹਸਪਤਾਲਾਂ ਵਿੱਚ ਵਿਦਿਆਰਥੀਆਂ ਦੀ ਕਲੀਨੀਕਲ ਸਿਖਲਾਈ ਚੁਣੌਤੀਆਂ ਅਤੇ ਹੱਲ, ਜੀਐਨਐਮ ਅਤੇ ਏ.ਐੱਨ.ਐੱਮ. ਦਾਖ਼ਲੇ ਲਈ ਕਾਊਂਸਲਿੰਗ ਅਤੇ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦਾ ਮੁਲਾਂਕਣ, ਥਿਊਰੀ ਅਤੇ ਕਲੀਨੀਕਲ ਵਿਸਿਆਂ ਬਾਰੇ ਚਰਚਾ ਕੀਤੀ ਗਈ।
