ਤੇਜ਼ਾਬ ਪੀੜਤਾਂ ਨੂੰ ਹੁਣ 10,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਮਿਲੇਗੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ: ਸਕੀਮ ਨੂੰ ਲਿੰਗ-ਨਿਰਪੱਖ ਬਣਾਇਆ, ਹੁਣ ਪੁਰਸ਼ ਅਤੇ ਟ੍ਰਾਂਸਜੈਂਡਰ ਵੀ ਲੈ ਸਕਣਗੇ ਲਾਭ

ਚੰਡੀਗੜ੍ਹ, 14 ਫਰਵਰੀ ( ਦੀ ਪੰਜਾਬ ਵਾਇਰ)– ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ “ਪੰਜਾਬ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ-2024” ਸਿਰਫ ਮਹਿਲਾਵਾਂ ਤੱਕ ਹੀ ਸੀਮਤ ਨਹੀਂ, ਸਗੋਂ ਇਸ ਦਾ ਲਾਭ ਹੁਣ ਤੇਜ਼ਾਬ ਪੀੜਤ ਪੁਰਸ਼ ਅਤੇ ਟ੍ਰਾਂਸਜੈਂਡਰ ਵੀ ਲੈ ਸਕਣਗੇ। ਇਸ ਸਕੀਮ ਤਹਿਤ ਹੁਣ ਤੇਜ਼ਾਬ ਪੀੜਤਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬਾ ਸਰਕਾਰ ਦੇ ਇਸ ਅਹਿਮ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਉਪਰਾਲਾ ਸਮਾਜ ਵਿੱਚ ਸਮਾਨਤਾ ਅਤੇ ਨਿਆਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਵਿੱਚ ਵਾਧਾ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਸਕੀਮ ਤਹਿਤ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ 8000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ। “ਪੰਜਾਬ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ-2017” ਸਕੀਮ ਨੂੰ ਲਿੰਗ ਨਿਰਪੱਖ ਬਣਾਉਂਦੇ ਹੋਏ, ਹੁਣ ਇਹ ਸਕੀਮ “ਪੰਜਾਬ ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ-2024” ਦੇ ਨਾਮ ਨਾਲ ਜਾਣੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਯੋਜਨਾ 20 ਜੂਨ 2017 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸਿਰਫ ਤੇਜ਼ਾਬ ਪੀੜਤ ਮਹਿਲਾਵਾਂ ਨੂੰ 8,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ। ਹੁਣ, ਪੰਜਾਬ ਸਰਕਾਰ ਨੇ ਸਮਾਜਿਕ ਨਿਆਂ ਦੀ ਨਵੀਂ ਦਿਸ਼ਾ ਵੱਲ ਕਦਮ ਵਧਾਉਂਦੇ ਹੋਏ, ਇਸ ਸਕੀਮ ਵਿੱਚ ਪੁਰਸ਼ ਅਤੇ ਟ੍ਰਾਂਸਜੈਂਡਰ ਪੀੜਤਾਂ ਨੂੰ ਵੀ ਸ਼ਾਮਲ ਕੀਤਾ ਹੈ।

ਮੰਤਰੀ ਨੇ ਦੱਸਿਆ ਕਿ ਇਹ ਸਕੀਮ ਤੇਜ਼ਾਬ ਪੀੜਤਾਂ ਦੀ ਆਰਥਿਕ ਸਹਾਇਤਾ ਕਰੇਗੀ ਅਤੇ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਏਗੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਤੇਜ਼ਾਬ ਪੀੜਤਾਂ ਲਈ ਇੱਕ ਵੱਡਾ ਕਦਮ ਹੈ, ਜੋ ਪੰਜਾਬ ਸਰਕਾਰ ਦੀ ਸਮਾਜਿਕ ਨਿਆਂ ਅਤੇ ਸਮਾਨਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਆਸ ਕੀਤੀ ਕਿ ਇਸ ਨਾਲ ਪੀੜਤਾਂ ਨੂੰ ਨਵੀਂ ਉਮੀਦ ਅਤੇ ਆਤਮ-ਨਿਰਭਰਤਾ ਮਿਲੇਗੀ। ਤੇਜ਼ਾਬ ਪੀੜਤਾਂ ਲਈ ਇਹ ਵਿੱਤੀ ਸਹਾਇਤਾ ਆਰਥਿਕ ਹਾਲਤ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ।
FacebookTwitterEmailWhatsAppTelegramShare
Exit mobile version