ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਚਿਲਡਰਨ ਹੋਮ ਗੁਰਦਾਸਪੁਰ ਦਾ ਦੌਰਾ

ਚਿਲਡਰਨ ਹੋਮ ਵਿਖੇ ਰਹਿ ਰਹੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 05 ਫਰਵਰੀ 2025 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਚਿਲਡਰਨ ਹੋਮ (ਲੜਕੇ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਜਸਮੀਤ ਕੌਰ, ਚਿਲਡਰਨ ਹੋਮ ਦੀ ਸੰਚਾਲਕ ਮੈਡਮ ਸੰਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਸੁਨੀਲ ਜੋਸ਼ੀ ਚਿਲਡਰਨ ਹੋਮ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਮੁਲਤਾਨੀ, ਰੋਮੇਸ਼ ਮਹਾਜਨ, ਸ੍ਰੀ ਰਤਨ ਲਾਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਆਪਣੇ ਦੌਰੇ ਦੌਰਾਨ ਚਿਲਡਰਨ ਹੋਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਬੱਚਿਆਂ ਦੇ ਕਮਰਿਆਂ, ਰਸੋਈ, ਸਟੱਡੀ ਰੂਮ, ਕਾਮਨ ਰੂਮ ਆਦਿ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਚਿਲਡਰਨ ਹੋਮ ਵਿਖੇ ਰਹਿ ਰਹੇ 14 ਸਹਿਵਾਸੀ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਫੀਡਬੈਕ ਲਈ।

ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੇ ਨਾਲ ਚਿਲਡਰਨ ਹੋਮ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚਿਲਡਰਨ ਹੋਮ ਦੀ ਮੁਰੰਮਤ ਅਤੇ ਸਿਵਲ ਵਰਕ ਦੇ ਜੋ ਵੀ ਬਕਾਇਆ ਕੰਮ ਹਨ ਉਨ੍ਹਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਦਾ ਰੈਗੂਲਰ ਮੈਡੀਕਲ ਚੈੱਕਅਪ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਤੋਂ ਬਾਅਦ ਚਿਲਡਰਨ ਹੋਮ ਵਿਖੇ ਵੀ ਪੜ੍ਹਾਇਆ ਜਾਵੇ ਅਤੇ ਬੱਚਿਆਂ ਦੀ ਕਰੀਅਰ ਕਾਊਂਸਲਿੰਗ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਚਿਲਡਰਨ ਹੋਮ ਵਿੱਚ ਇੱਕ ਕੰਪਿਊਟਰ ਅਧਿਆਪਕ ਅਤੇ ਸ਼ਾਮ ਨੂੰ ਟਿਊਸ਼ਨ ਪੜ੍ਹਾਉਣ ਲਈ ਅਧਿਆਪਕ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਲਿਆਉਣ ਲਈ ਈ-ਰਿਕਸ਼ੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਚਿਲਡਰਨ ਹੋਮ ਦੇ ਸੰਚਾਲਕਾਂ ਨੂੰ ਕਿਹਾ ਕਿ ਬੱਚਿਆਂ ਨੂੰ ਯੋਗ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਚਿਲਡਰਨ ਹੋਮ ਵਿਖੇ ਰਹਿ ਰਹੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਕਿਉਂਕਿ ਉਨ੍ਹਾਂ ਦੀ ਹੁਣ ਕੀਤੀ ਮਿਹਨਤ ਸਾਰੀ ਉਮਰ ਉਨ੍ਹਾਂ ਦੇ ਕੰਮ ਆਵੇਗੀ।

Exit mobile version