ਪਿਛਲੇ 15 ਸਾਲਾਂ ਤੋਂ ਬਿਨਾਂ ਅੱਗ ਲਗਾਏ ਕੀਤੀ ਜਾ ਰਹੀ ਹੈ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਵਲੋਂ ਕਣਕ ਦੀ ਬਿਜਾਈ 

ਅਗਾਂਹਵਧੂ ਕਿਸਾਨ ਵਲੋਂ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਸ਼ੁੱਧ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ

ਗੁਰਦਾਸਪੁਰ, 5 ਨਵੰਬਰ 2024 (ਦੀ ਪੰਜਾਬ ਵਾਇਰ )। ਜਿਥੇ ਕੁਝ ਕਿਸਾਨਾਂ ਵਲੋਂ ਪਰਾਲੀ/ਫਸਲ ਦੀ ਰਹਿੰਦ-ਖੂੰਹਦ ਦੀ ਮਹੱਤਤਾ ਨਾ ਸਮਝਦੇ ਹੋਏ, ਓਸ ਨੂੰ ਅੱਗ ਲਗਾ ਕਿ ਜ਼ਮੀਨ ਅਤੇ ਵਾਤਾਵਰਣ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਓਥੇ ਕੁੱਝ ਕਿਸਾਨ ਅਜਿਹੇ ਵੀ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਇਸ ਦਾ ਖੇਤ ਵਿੱਚ ਪ੍ਰਬੰਧਨ ਕਰ ਰਹੇ ਹਨ। 

ਅਜਿਹੇ ਅਗਾਂਹਵਧੂ ਕਿਸਾਨਾਂ ਵਿੱਚੋਂ ਇੱਕ ਕਿਸਾਨ ਜਸਪਾਲ ਸਿੰਘ ਵਾਸੀ ਪਿੰਡ ਸ਼ਾਹਪੁਰ ਗੋਰਾਇਆ, ਬਲਾਕ ਡੇਰਾ ਬਾਬਾ ਨਾਨਕ ਵੀ ਹਨ। 

ਕਿਸਾਨ ਜਸਪਾਲ ਸਿੰਘ ਵੱਲੋਂ ਅੱਜ ਖੇਤੀਬਾੜੀ ਅਧਿਕਾਰੀਆਂ ਡਾ. ਸੁਖਬੀਰ ਸਿੰਘ ਅਤੇ ਡਾ. ਗੁਰਪ੍ਰਤਾਪ ਸਿੰਘ ਨਾਲ ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਓਹ ਆਪਣੇ ਪਿਤਾ ਜੀ ਨਾਲ ਮਿਲ ਕੇ ਪਿਛਲੇ 15 ਸਾਲਾਂ ਤੋਂ ਕਣਕ ਦੀ ਬਿਜਾਈ ਪਰਾਲੀ ਨੂੰ ਬਿਨਾਂ ਅੱਗ ਲਗਾ ਕੇ ਕਰ ਰਹੇ ਹਨ। 

ਉਨ੍ਹਾਂ ਦੱਸਿਆ ਕੇ ਪਿਛਲੇ ਸਮੇਂ ਵਿੱਚ ਉਨ੍ਹਾਂ ਵਲੋ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕੀਤੀ ਜਾਂਦੀ ਸੀ, ਪ੍ਰੰਤੂ ਇਸ ਸਾਲ ਕਿਸਾਨ ਵਲੋਂ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਉਹ ਆਪਣੇ ਝੋਨੇ ਦੀ ਪਰਾਲੀ ਨੂੰ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਇਕਸਾਰ ਖਿਲਾਰ ਲਿਆ ਗਿਆ ਸੀ, ਜਿਸ ਨਾਲ ਕਿ ਮਸ਼ੀਨ ਆਸਾਨੀ ਨਾਲ ਚੱਲ ਸਕੇ | ਇਸ ਵਿਧੀ ਰਾਹੀਂ ਪਰਾਲੀ ਇਕਸਾਰ ਖੇਤ ਵਿੱਚ ਇਕ ਪਰਤ ਬਣਾ ਲੈਂਦੀ ਹੈ ਜਿਸ ਨਾਲ ਜ਼ਮੀਨ ਵਿੱਚ ਵੱਤਰ ਬਣਿਆ ਰਹਿੰਦਾ ਹੈ ਅਤੇ ਨਦੀਨ ਦੀ ਸਮੱਸਿਆ ਵੀ ਘੱਟ ਆਉਂਦੀ ਹੈ। 

ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਓਹ ਪਰਾਲੀ ਨੂੰ ਬਿਨਾਂ ਅੱਗ ਲਾਏ, ਇਸ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਸਕੇ ਅਤੇ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਵੀ ਸ਼ੁੱਧ ਰਹੇ। 

ਇਸ ਮੌਕੇ ਅਮਰੀਕ ਸਿੰਘ, ਪੁਨੀਤ ਢਿੱਲੋਂ ਅਤੇ ਹੋਰ ਕਿਸਾਨ ਵੀ ਮੌਜੂਦ ਸਨ।

FacebookTwitterEmailWhatsAppTelegramShare
Exit mobile version