ਇਕ ਫੌਜੀ ਦੀ ਜਾਨ ਦੂਜੇ ਨਾਲੋਂ ਕੀਮਤੀ ਕਿਵੇਂ ਹੋ ਸਕਦੀ ਹੈ: ਰਾਹੁਲ

ਨਵੀਂ ਦਿੱਲੀ, 14 ਅਕਤੂਬਰ 2024 (ਦੀ ਪੰਜਾਬ ਵਾਇਰ)। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਨਾਸਿਕ ਵਿਚ ਪਿਛਲੇ ਦਿਨੀਂ ਸਿਖਲਾਈ ਦੌਰਾਨ ਦੋ ਅਗਨੀਵੀਰਾਂ ਦੀ ਮੌਤ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਵਾਲ ਕੀਤਾ ਕਿ ਇਕ ਫੌਜੀ ਦੀ ਜਾਨ ਦੂਜੇ ਫੌਜੀ ਨਾਲੋਂ ਵੱਧ ਕੀਮਤੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਦੋ ਫੌਜੀ, ਜਿਨ੍ਹਾਂ ਦੀ ‘ਅਗਨੀਵੀਰ’ ਵਜੋਂ ਮੌਤ ਹੋ ਗਈ ਸੀ, ਨੂੰ ਹੋਰਨਾਂ ਸ਼ਹੀਦ ਫੌਜੀਆਂ ਵਾਂਗ ਪੈਨਸ਼ਨ ਤੇ ਹੋਰ ਲਾਭ ਕਿਉਂ ਨਹੀਂ ਮਿਲ ਸਕਦੇ। ਗਾਂਧੀ ਨੇ ਕਿਹਾ ਕਿ ਉਹ ਇਸ ‘ਬੇਇਨਸਾਫ਼ੀ’ ਖਿਲਾਫ਼ ਲੜਦੇ ਰਹਿਣਗੇ।

ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦੋ ਅਗਨੀਵੀਰਾਂ- ਗੋਹਿਲ ਵਿਸ਼ਵਰਾਜ ਸਿੰਘ ਤੇ ਸੈਫ਼ਤ ਸ਼ੀਤ- ਦੀ ਨਾਸਿਕ ਵਿਚ ਸਿਖਲਾਈ ਦੌਰਾਨ ਮੌਤ ਬਹੁਤ ਦੁਖਦਾਈ ਸੀ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।’’ ਗਾਂਧੀ ਨੇ ਹਿੰਦੀ ਵਿਚ ਪਾਈ ਪੋਸਟ ’ਚ ਕਿਹਾ, ‘‘ਇਸ ਘਟਨਾ ਨੇ ਇਕ ਵਾਰ ਮੁੜ ਅਗਨੀਵੀਰ ਸਕੀਮ ਬਾਰੇ ਗੰਭੀਰ ਸਵਾਲ ਚੁੱਕੇ ਹਨ, ਜਿਨ੍ਹਾਂ ਦਾ ਭਾਜਪਾ ਸਰਕਾਰ ਜਵਾਬ ਦੇਣ ਵਿਚ ਨਾਕਾਮ ਰਹੀ ਹੈ। ਕੀ ਗੋਹਿਲ ਤੇ ਸੈਫ਼ਤ ਦੇ ਪਰਿਵਾਰਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲੇਗਾ, ਜੋ ਕਿਸੇ ਹੋਰ ਸ਼ਹੀਦ ਫੌਜੀ ਨੂੰ ਮਿਲਦੇ ਮੁਆਵਜ਼ੇ ਦੇ ਬਰਾਬਰ ਹੋਵੇਗਾ?’’ ਉਨ੍ਹਾਂ ਸਵਾਲ ਕੀਤਾ, ‘‘ਅਗਨੀਵੀਰਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਤੇ ਹੋਰ ਸਰਕਾਰੀ ਸਹੂਲਤਾਂ ਦੇ ਲਾਭ ਕਿਉਂ ਨਹੀਂ ਮਿਲਣਗੇ? ਜਦੋਂ ਦੋਵਾਂ ਫੌਜੀਆਂ ਦੀਆਂ ਜ਼ਿੰਮੇਵਾਰੀਆਂ ਤੇ ਕੁਰਬਾਨੀਆਂ ਇਕੋ ਜਿਹੀਆਂ ਹਨ, ਤਾਂ ਫਿਰ ਉਨ੍ਹਾਂ ਦੀ ਸ਼ਹੀਦੀ ਮਗਰੋਂ ਇਹ ਪੱਖਪਾਤ ਕਿਉਂ?’’ ਕਾਂਗਰਸ ਆਗੂ ਨੇ ਕਿਹਾ ਕਿ ਅਗਨੀਪਥ ਸਕੀਮ ਫੌਜ ਨਾਲ ‘ਅਨਿਆਂ’ ਤੇ ਸਾਡੇ ਬਹਾਦਰ ਫੌਜੀਆਂ ਦੀ ਸ਼ਹੀਦੀ ਦਾ ‘ਨਿਰਾਦਰ’ ਹੈ। ਗਾਂਧੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਕ ਫੌਜੀ ਦੀ ਜਾਨ ਦੂਜੇ ਫੌਜੀ ਨਾਲੋਂ ਕੀਮਤੀ ਕਿਵੇਂ ਹੋ ਸਕਦੀ ਹੈ।’’

FacebookTwitterEmailWhatsAppTelegramShare
Exit mobile version