ਬੇਲਰਾਂ ਦੀ ਵਰਤੋਂ ਨਾਲ ਪਰਾਲੀ ਸਾੜਨ ਦੇ ਰੁਝਾਨ ਵਿਚ ਆਈ ਕਮੀ

ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

ਗੁਰਦਾਸਪੁਰ, 12 ਅਕਤੂਬਰ 2024 (ਦੀ ਪੰਜਾਬ ਵਾਇਰ)।  ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਪਰਾਲੀ ਦੀਆਂ ਗੱਠਾਂ ਬੰਨਣ ਵਾਲੇ ਬੇਲਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਗੁਰਦਾਸਪੁਰ ਜਿਲ੍ਹੇ ਵਿਚ ਇਸ ਸਮੇਂ ਲਗਭਗ 60 ਬੇਲਰ ਚੱਲ ਰਹੇ ਹਨ ਜੋ ਕਿ ਝੋਨੇ ਦੀ ਕਟਾਈ ਪਿੱਛੋਂ ਬਚੀ ਪਰਾਲੀ ਨੂੰ ਇਕੱਠਾ ਕਰਕੇ ਗੱਠਾਂ ਬੰਨ੍ਹ ਦਿੰਦਾ ਹੈ, ਜਿਸਨੂੰ ਅਸਾਨੀ ਨਾਲ ਖੇਤਾਂ ਵਿਚ ਬਾਹਰ ਲਿਜਾਕੇ ਡੰਪ ਕੀਤਾ ਜਾਂਦਾ ਹੈ। 

ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਬਸਿਡੀ ਉੱਪਰ ਬੇਲਰ ਵੀ ਦਿੱਤੇ ਗਏ ਸਨ ਤਾਂ ਜੋ ਕਿਸਾਨਾਂ ਨੂੰ ਪਰਾਲੀ ਦੇ ਯੋਗ ਨਿਪਟਾਰੇ ਵਿਚ ਸਹਾਇਤਾ ਮਿਲ ਸਕੇ। 

ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬੇਲਰ ਯੂਨਿਟਾਂ ਨੂੰ ਡੰਪ ਵਾਸਤੇ ਅਨੇਕਾਂ ਪਿੰਡਾਂ ਵਿਚ ਥਾਂ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਉਹ ਪਰਾਲੀ ਨੂੰ ਖੇਤਾਂ ਵਿਚੋਂ ਇਕੱਠਾ ਕਰਕੇ ਡੰਪ ਕਰ ਸਕਣ। 

ਉਨ੍ਹਾਂ ਦੱਸਿਆ ਕਿ ਡੰਪ ਕੀਤੀ ਪਰਾਲੀ ਦੀ ਬੁਆਇਲਰ ਯੂਨਿਟਾਂ, ਗੱਤਾ ਫੈਕਟਰੀਆਂ ਵਿਚ ਵਰਤੋਂ ਕੀਤੀ ਜਾ ਰਹੀ ਹੈ, ਜਿਸ ਲਈ ਗੁਰਦਾਸਪੁਰ ਜਿਲ੍ਹੇ ਵਿਚੋਂ ਪਠਾਨਕੋਟ ਤੇ ਹੋਰ ਨੇੜਲੇ ਇਲਾਕਿਆਂ ਵਿਚ ਕੰਪਰੈਸ ਕਰਕੇ ਗੱਠਾਂ ਦੇ ਰੂਪ ਵਿਚ ਬੰਨ੍ਹੀ ਪਰਾਲੀ ਨੂੰ ਬਾਲਣ ਦੇ ਲਈ ਭੇਜਿਆ ਜਾ ਰਿਹਾ ਹੈ। 

ਖੇਤੀਬਾੜੀ ਵਿਭਾਗ ਦੇ ਮੁੱਖੀ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਵੱਡੇ ਬੇਲਰ ਇਕ ਏਕੜ ਦੀਆਂ ਗੱਠਾਂ ਬੰਨਣ ਲਈ ਕੇਵਲ 20-25 ਮਿੰਟ ਤੇ ਛੋਟੇ ਬੇਲਰ 30-35 ਮਿੰਟ ਲਗਾਉਂਦੇ ਹਨ , ਜਿਸ ਨਾਲ ਕਿਸਾਨ ਦਾ ਖੇਤ ਬਹੁਤ ਜਲਦੀ ਵਿਹਲਾ ਹੋ ਜਾਂਦਾ ਹੈ, ਜਿਸਨੂੰ ਉਹ ਅਗਲੀ ਫਸਲ ਲਈ ਤੁਰੰਤ ਤਿਆਰ ਕਰ ਸਕਦਾ ਹੈ।

ਪਰਾਲੀ ਦੀਆਂ ਗੱਠਾਂ ਬਣਵਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਬੇਲਰ ਨਾਲ ਗੱਠਾਂ ਬਣਵਾਕੇ ਉਹ ਜਿੱਥੇ ਖੇਤ ਤੁਰੰਤ ਖਾਲੀ ਕਰ ਸਕੇ ਉੱਥੇ ਹੀ ਉਹ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਸੰਭਾਲ ਵਿਚ ਯੋਗਦਾਨ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। 

FacebookTwitterEmailWhatsAppTelegramShare
Exit mobile version