ਖੇਤੀਬਾੜੀ, ਪੰਜਾਬ ਦੀ ਆਰਥਿਕਤਾ ਦਾ ਧੁਰਾ-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲੱਗਾ

ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਬੀਜ ਵਿਕਰੀ ਕੇਂਦਰ ਦਾ ਉਦਘਾਟਨ ਹੋਇਆ

ਗੁਰਦਾਸਪੁਰ, 18 ਸਤੰਬਰ 2024 (ਦੀ ਪੰਜਾਬ ਵਾਇਰ )। ਪੀ.ਏ.ਯੂ. ਦੇ  ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ  ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਸਨ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਹਾਜ਼ਿਰ ਸਨ। ਇਸ ਤੋਂ ਇਲਾਵਾ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ, ਗੁਰਦਾਸਪੁਰ ਦੇ ਐੱਸ ਡੀ ਐਮ ਡਾ. ਕਰਮਜੀਤ ਸਿੰਘ , ਕੇ ਵੀ ਕੇ ਗੁਰਦਾਸਪੁਰ ਦੇ ਨਿਰਦੇਸ਼ਕ ਡਾ  ਸਰਬਜੀਤ ਸਿੰਘ ਔਲਖ, ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਸ ਗੁਰਦੀਪ ਸਿੰਘ ਰੰਧਾਵਾ  ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਅਤੇ ਹਨੀ ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਮੇਲੇ ਦੌਰਾਨ ਗੁਰਦਾਸਪੁਰ ਖੇਤਰੀ ਖੋਜ ਕੇਂਦਰ ਦੇ ਗੇਟ ਉੱਪਰ ਬੀਜਾਂ ਦੇ ਵਿਕਰੀ ਕੇਂਦਰ ਦਾ ਉਦਘਾਟਨ ਵੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਤੇ ਪੀ ਏ ਯੂ ਦੇ ਵਾਈਸ ਚਾਂਸਲਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਮੁੱਖ ਮਹਿਮਾਨ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨ ਮੇਲੇ ਦੀ ਸਾਰਥਕਤਾ ਭਰਵੇਂ ਇਕੱਠ ਨਾਲ ਸਾਬਿਤ ਹੁੰਦੀ ਹੈ ਤੇ ਇਸ ਕੇਂਦਰ ਵਿਚ ਮੇਲੇ ਦਾ ਲੱਗਣਾ ਕਿਸਾਨ ਵੀਰਾਂ ਤੇ ਭੈਣਾਂ ਨੂੰ ਨਵੇਂ ਖੇਤੀ ਗਿਆਨ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਬਿਹਤਰੀ ਵੱਲ ਲਿਜਾ ਕੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ ਤੇ ਮੌਜੂਦਾ ਸਰਕਾਰ ਇਸ ਕਾਰਜ ਲਈ ਹਰ ਹੀਲੇ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਸਰਕਾਰ ਵਲੋਂ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾਇਆ ਗਿਆ ਹੈ। ਖੇਤੀਬਾੜੀ ਨੂੰ ਪੰਜਾਬ ਦੀ ਆਰਥਿਕਤਾ ਦਾ ਧੁਰਾ ਆਖਦਿਆਂ ਸ਼੍ਰੀ ਕਟਾਰੂਚੱਕ ਨੇ ਖੇਤੀ ਵਿਚ ਨਵੀਆਂ ਤਕਨੀਕਾਂ ਅਪਣਾਉਣ ਲਈ ਯੂਨੀਵਰਸਿਟੀ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਖੇਤੀ ਚੁਣੌਤੀਆਂ ਦੇ ਹੱਲ ਲਈ ਪੀ ਏ ਯੂ ਨਾਲ ਜੁੜੇ ਰਹਿਣ ਲਈ ਆਖਿਆ। ਉਨ੍ਹਾਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੀ ਯਕੀਨੀ ਖਰੀਦ ਦਾ ਭਰੋਸਾ ਦਿੱਤਾ ਤੇ ਜਿਨਸਾਂ ਨੂੰ ਸਾਫ ਸੁਥਰੇ ਰੂਪ ਵਿਚ ਮੰਡੀਆਂ ਵਿਚ ਲਿਆਉਣ ਲਈ ਕਿਹਾ।

ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਅਤੇ ਮਾਹਿਰਾਂ ਦੇ ਇਕ ਦੂਜੇ ਤੋਂ ਸਿੱਖਣ ਅਤੇ ਸਿਖਾਉਣ ਦਾ ਮੌਕਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੇਲਿਆਂ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਲਈ ਨਿਰਧਾਰਤ ਕੀਤਾ ਗਿਆ ਹੈ। ਗੁਰਦਾਸਪੁਰ ਇਲਾਕੇ ਵਿਚ ਬਾਸਮਤੀ ਦੀ ਕਾਸ਼ਤ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਕਿਹਾ ਤਾਂ ਜੋ ਨਿਰਯਾਤ ਵਿਚ ਅੜਿੱਕਾ ਨਾ ਪਵੇ। ਉਨ੍ਹਾਂ ਨੇ ਕਣਕ ਦੀ ਬਿਜਾਈ ਲਈ ਸਰਫੇਸ ਸੀਡਰ ਤਕਨੀਕ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਤੇ ਮਿੱਟੀ, ਪਾਣੀ ਦੀ ਸੰਭਾਲ ਤੇ ਖਾਦਾਂ ਦੇ ਖਰਚੇ ਘਟਾਉਣ ਲਈ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡੀ ਏ ਪੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤੇ ਇਸ ਸੰਬੰਧੀ ਯੂਨੀਵਰਸਿਟੀ ਦੀ ਸਾਲ ਵਿਚ ਇੱਕੋ ਵਾਰ ਡੀ ਏ ਪੀ ਪਾਉਣ ਦੀ ਤਕਨੀਕ ਵਰਤੀ ਜਾਵੇ। ਖੇਤਾਂ ਨੂੰ ਸਖ਼ਤ ਹੋਣ ਤੋਂ ਬਚਾਉਣ ਲਈ ਚੀਜ਼ਲਿੰਗ ਤਕਨੀਕ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਨੇ ਹੋਰ ਨਵੀਆਂ ਜਾਣਕਾਰੀਆਂ ਲਈ ਪੀ ਏ ਯੂ ਨਾਲ ਜੁੜਨ ਅਤੇ ਸੋਸ਼ਲ ਮੀਡੀਆ ਮਾਧਿਅਮ ਦੀ ਵਰਤੋਂ ਕਰਨ ਵਾਸਤੇ ਕਿਸਾਨਾਂ ਨੂੰ ਕਿਹਾ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵਲੋਂ ਲਾਈਆਂ ਸਟਾਲਾਂ ਤੇ ਜਾ ਕੇ ਨਵੀਆਂ ਕਿਸਮਾਂ ਅਤੇ ਕਾਸ਼ਤ ਤਕਨੀਕਾਂ ਦੀ ਜਾਣਕਾਰੀ ਹਾਸਿਲ ਕਰਨ। ਕਣਕ ਦੀ ਕਿਸਮ ਪੀ ਬੀ ਡਬਲਿਊ 826 ਦਾ ਜ਼ਿਕਰ ਖਾਸ ਤੌਰ ਤੇ ਕਰਦਿਆਂ ਡਾ ਗੋਸਲ ਨੇ ਸਿਫਾਰਿਸ਼ ਕੀਤੀਆਂ ਕਿਸਮਾਂ ਬੀਜਣ ਲਈ ਕਿਹਾ।

ਡਾ ਗੋਸਲ ਨੇ ਪੰਜਾਬ ਅਤੇ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਖੇਤੀ ਸਿੱਖਿਆ ਨਾਲ ਆਪਣੇ ਬੱਚਿਆਂ ਨੂੰ ਜੋੜਨ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ। ਕਲਾਨੌਰ ਦੀ ਸਰਕਾਰੀ ਜ਼ਮੀਨ ਬਾਰੇ ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਗੱਲਬਾਤ ਜਾਰੀ ਹੈ ਤੇ ਏਥੇ ਗੰਨਾ ਖੋਜ ਫਾਰਮ ਬਣਾਉਣ ਦੀ ਯੋਜਨਾ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ਤੇ ਬੀਜਾਂ ਦੀ ਦੁਕਾਨ ਗੁਰਦਾਸਪੁਰ ਖੇਤਰੀ ਕੇਂਦਰ ਦੇ ਗੇਟ ਉੱਪਰ ਖੋਲ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਬਣੀ ਖੇਤੀ ਨੀਤੀ ਵਿਚ ਪੀ ਏ ਯੂ ਨੇ ਕਿਸਾਨਾਂ ਦੇ ਹਿਤਾਂ ਅਨੁਸਾਰ ਸੁਝਾਅ ਦਿੱਤੇ ਹਨ ਅਤੇ ਖੇਤੀ ਵਿਭਿੰਨਤਾ ਨੂੰ ਪਹਿਲ ਦੇਣ ਦੀ ਤਜਵੀਜ਼ ਇਸ ਨੀਤੀ ਵਿਚ ਸ਼ਾਮਿਲ ਹੈ।

ਨਿਰਦੇਸ਼ਕ ਖੋਜ ਡਾ  ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 950 ਕਿਸਮਾਂ ਦੀ ਖੋਜ ਕੀਤੀ ਹੈ ਇਨ੍ਹਾਂ ਵਿੱਚੋਂ 250 ਕਿਸਮਾਂ ਕੌਮੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ ਹਨ। ਇਸ ਲਿਹਾਜ਼ ਨਾਲ ਯੂਨੀਵਰਸਿਟੀ ਪੂਰੇ ਦੇਸ਼ ਦੇ ਕਿਸਾਨਾਂ ਦੀ ਸੇਵਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਪੀ ਏ ਯੂ ਝਾੜ ਦੇ ਨਾਲ ਪੌਸ਼ਟਿਕਤਾ ਵੱਲ ਵੀ ਧਿਆਨ ਦੇ ਰਹੀ ਹੈ। ਇਸ ਲਈ ਕਣਕ ਦੀਆਂ ਜ਼ਿੰਕ ਕਿਸਮਾਂ ਨੂੰ ਕਾਸ਼ਤ ਲਈ ਕਿਸਾਨਾਂ ਤਕ ਪੁਚਾਇਆ ਗਿਆ ਹੈ। ਇਸੇ ਦਿਸ਼ਾ ਵਿਚ ਉਨ੍ਹਾਂ ਪੀ ਏ ਯੂ ਵਲੋਂ ਵਿਕਸਿਤ ਕਣਕ ਦੀ ਕਿਸਮ ਪੀ ਬੀ ਡਬਲਿਊ 826 ਦੀ ਸਫਲਤਾ ਲਈ ਕਿਸਾਨਾਂ ਦੀ ਮਿਹਨਤ ਨੂੰ ਵੀ ਵਧਾਈ ਦਿੱਤੀ। ਕਣਕ ਦੀ ਨਵੀਂ ਕਿਸਮ ਚਪਾਤੀ-1 ਦਾ ਜ਼ਿਕਰ ਕਰਦਿਆਂ ਉਨ੍ਹਾਂ ਇਕ ਹੋਰ ਨਵੀਂ ਕਿਸਮ ਪੀ ਬੀ ਡਬਲਯੂ ਬਿਸਕੁਟ-1 ਬਾਰੇ ਦੱਸਿਆ। ਇਸ ਕਿਸਮ ਨੂੰ ਬਿਸਕੁਟ ਅਤੇ ਕੁਕੀਜ਼ ਬਣਾਉਣ ਲਈ ਉਦਯੋਗਾਂ ਨਾਲ ਕੀਤੇ ਗਏ ਸਾਂਝੇ ਤਜਰਬਿਆਂ ਤੋਂ ਬਾਅਦ ਕਾਸ਼ਤ ਲਈ ਸਿਫਾਰਿਸ਼ ਕੀਤਾ ਜਾ ਰਿਹਾ ਹੈ। ਨਾਲ ਹੀ ਰੋਟੀ ਲਈ ਢੁਕਵੀਂ ਕਿਸਮ ਪੀ ਬੀ ਡਬਲਯੂ ਚਪਾਤੀ 1 ਨੂੰ ਘਰੇਲੂ ਵਰਤੋਂ ਲਈ ਬੀਜਣ ਦੀ ਸਿਫਾਰਿਸ਼ ਕੀਤੀ ਗਈ।ਇਸ ਤੋਂ ਇਲਾਵਾ ਰਾਇਆ ਸਰੋਂ ਦੀ ਕਿਸਮ ਪੀ ਐਚ ਆਰ 127, ਗੋਭੀ ਸਰੋਂ ਦੀ ਕਿਸਮ ਪੀ ਜੀ ਐਸ ਐਚ 2155 ਅਤੇ ਜਵੀ ਦੀ ਵੱਧ ਝਾੜ ਦੇਣ ਵਾਲੀ ਕਿਸਮ ਓ ਐਲ 17 ਦੀ ਸਿਫਾਰਿਸ਼ ਵੀ ਨਵੀਆਂ ਕਿਸਮਾਂ ਦੇ ਰੂਪ ਵਿਚ ਹੋਈ।

ਉਤਪਾਦਨ ਤਕਨੀਕਾਂ ਵਿਚ ਨਿਰਦੇਸ਼ਕ ਖੋਜ ਨੇ ਪਾਣੀ ਦੀ ਬਚਤ ਲਈ ਪੀ ਏ ਯੂ ਵਲੋਂ ਕੀਤੇ ਯਤਨਾਂ ਦੇ ਹਵਾਲੇ ਨਾਲ ਨਰਮਾ ਅਤੇ ਗੋਭੀ ਸਰ੍ਹੋਂ ਵਿਚ ਜ਼ਮੀਨ ਦੋਜ਼ ਪਾਈਪਾਂ ਨਾਲ ਸਿੰਚਾਈ ਦੀ ਸਿਫਾਰਿਸ਼ ਕਿਸਾਨਾਂ ਸਾਮ੍ਹਣੇ ਰੱਖੀ। ਨੀਮ ਪਹਾੜੀ ਇਲਾਕਿਆਂ ਵਿਚ ਕਣਕ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਤਾਕਤ ਨਾਂ ਦੀ ਦਵਾਈ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਾਇਆ ਗਿਆ। ਇਸ ਤੋਂ ਇਲਾਵਾ ਪਾਣੀ ਖੜਨ ਨਾਲ ਮਸਰਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਵੱਟਾਂ ਉੱਪਰ ਬਿਜਾਈ ਅਤੇ ਮੂੰਗੀ ਵਿਚ ਜੂੰ ਦੀ ਰੋਕਥਾਮ ਲਈ ਨੀਲੇ ਟਰੈਪ ਵਰਤਣ ਅਤੇ ਨਿੰਮ ਦੇ ਘੋਲ ਦੇ ਛਿੜਕਾਅ ਬਾਰੇ ਵੀ ਦੱਸਿਆ ਗਿਆ।

ਪੌਦ ਸੁਰੱਖਿਆ ਤਕਨੀਕਾਂ ਦੀਆਂ ਨਵੀਆਂ ਸਿਫਾਰਿਸ਼ਾਂ ਬਾਰੇ ਦੱਸਦਿਆਂ ਉਨ੍ਹਾਂ ਨੇ ਉਲਟਾਵੇਂ ਹਲ ਦੀ ਵਹਾਈ ਸਮੇਂ ਡਲਿਆਂ ਤੋਂ ਬਚਾਅ ਲਈ ਨਾਲ ਵਾਧੂ ਸੰਦ ਜੋੜਨ ਅਤੇ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀ ਸਰਫ਼ੇਸ ਸੀਡਰ ਤਕਨੀਕ ਨਾਲ ਵੀ ਸਾਂਝ ਪਵਾਈ।

ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਇਹ ਇਸ ਸਿਲਸਿਲੇ ਦਾ ਤੀਸਰਾ ਮੇਲਾ ਹੈ।  ਕਿਸਾਨਾਂ ਅਤੇ ਯੂਨੀਵਰਸਿਟੀ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਲਗਾਤਾਰ ਦੂਜੇ ਸਾਲ ਪੀ ਏ ਯੂ ਦੇ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੀ ਰੈਂਕਿੰਗ ਤੇ ਰਹਿਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਮੇਲੇ ਵਿਚ ਸੁਧਰੀਆਂ ਕਿਸਮਾਂ ਦੇ ਬੀਜਾਂ, ਫਲਦਾਰ ਬੂਟਿਆਂ ਅਤੇ ਖੇਤੀ ਸਾਹਿਤ ਮੁਹਈਆ ਕਰਾਉਣ ਦੇ ਆਸ਼ੇ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਇਸਦਾ ਲਾਹਾ ਲੈਣ ਅਤੇ ਮਾਹਿਰਾਂ ਨਾਲ ਹਰ ਤਰ੍ਹਾਂ ਦੀ ਖੇਤੀ ਸਮੱਸਿਆ ਵਿਚਾਰਨ ਦਾ ਸੱਦਾ ਕਿਸਾਨਾਂ ਨੂੰ ਦਿੱਤਾ। ਨਾਲ ਹੀ ਖੇਤੀ ਨੂੰ ਕਾਰੋਬਾਰ ਬਣਾਉਣ ਲਈ ਖੇਤੀ ਸਿਖਲਾਈਆਂ ਲੈਣ ਵਾਸਤੇ ਪੀ ਏ ਯੂ ਨਾਲ ਜੁੜਨ ਦੀ ਅਪੀਲ ਵੀ ਡਾ ਭੁੱਲਰ ਨੇ ਕੀਤੀ।

ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਹਰਦਿਆਲ ਸਿੰਘ ਗਜਨੀਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਚ ਹਾਸਿਲ ਕੀਤੀ ਸਫਲਤਾ ਦਾ ਸਿਹਰਾ ਪੀ ਏ ਯੂ ਮਾਹਿਰਾਂ ਦੀ ਮਿਹਨਤ ਦੇ ਸਿਰ ਬੰਨ੍ਹਿਆ। ਨਾਲ ਹੀ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਉਨ੍ਹਾਂ ਦਾ ਹੱਲ ਕਰਨ ਲਈ ਯੂਨੀਵਰਸਿਟੀ ਮਾਹਿਰਾਂ ਦੀ ਤਤਪਰਤਾ ਦੀ ਸ਼ਲਾਘਾ ਕੀਤੀ। ਸ਼੍ਰੀ ਗਜਨੀਪੁਰ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਕਿਸਾਨ ਕਲੱਬਾਂ ਦੀ ਮੈਂਬਰਸ਼ਿਪ ਹਾਸਿਲ ਕਰਨ ਲਈ ਵੀ ਪ੍ਰੇਰਿਤ ਕੀਤਾ।

ਗੁਰਦਾਸਪੁਰ ਸਬ ਡਵੀਜ਼ਨ ਦੇ ਭੂਮੀ ਸੰਭਾਲ ਅਧਿਕਾਰੀ ਸ ਹਰਚਰਨ ਸਿੰਘ ਕੰਗ ਨੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਇਸ ਖੇਤਰ ਵਿਚ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ।

ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਡੱਲਾ ਦੇ ਸ ਯੁੱਧਵੀਰ ਸਿੰਘ, ਪਿੰਡ ਥੰਮਨ ਦੇ ਸ ਗੁਰਦੀਪ ਸਿੰਘ, ਪਿੰਡ ਮੁਸਤਫਾਪੁਰ ਜੱਟਾਂ ਦੇ ਸ ਗੁਰਸਿਮਰਨ ਸਿੰਘ ਨੂੰ ਖੇਤੀ ਵਿਭਿੰਨਤਾ ਲਈ, ਮੁੱਲ ਵਾਧੇ ਲਈ ਪਿੰਡ ਪੰਜਗਰਾਈਆਂ ਦੇ ਸ ਬੀਰਪਾਲ ਸਿੰਘ, ਸਹਾਇਕ ਧੰਦਿਆਂ ਲਈ ਸ਼੍ਰੀ ਸਿਧਾਰਥ ਚੰਦਰਾ ਵਾਸੀ ਨਵਾਂ ਪਿੰਡ ਸਰਦਾਰਾਂ, ਜੈਵਿਕ ਖੇਤੀ ਲਈ ਪਿੰਡ ਮਸਾਣੀਆਂ ਦੇ ਸ ਗੁਰਪਾਲ ਸਿੰਘ ਸੰਧੂ, ਪਿੰਡ ਭੈਣੀ ਮੀਆਂ ਖਾਂ ਦੇ ਸ ਗੁਰਜੀਤ ਸਿੰਘ ਨੂੰ ਸਨਮਾਨ ਮਿਲੇ। ਨਾਲ ਹੀ ਸਬਜ਼ੀਆਂ ਲਈ ਪਿੰਡ ਸਰਸਪੁਰ ਧਾਲੀਵਾਲ ਦੇ ਸ ਕੁਲਜੀਤ ਸਿੰਘ, ਫੁੱਲਾਂ ਦੀ ਕਾਸ਼ਤ ਲਈ ਪਿੰਡ ਲਾਲਪੁਰ ਦੇ ਸ ਅਮਰਜੀਤ ਸਿੰਘ, ਸ਼ਹਿਦ ਲਈ ਸ਼੍ਰੀ ਪ੍ਰੇਮ ਨਾਥ ਸ਼ਰਮਾ ਪਿੰਡ ਮਗਰਾਲਾ ਨੂੰ ਵੀ ਸਨਮਾਨ ਮਿਲੇ।

ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਅਤੇ ਡਾ ਜਗਦੀਸ਼ ਸਿੰਘ ਨੇ ਕੀਤਾ। ਡਾ ਰਿਆੜ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਨੂੰ ਆਪਣੇ ਘਰ ਪਰਿਵਾਰ ਦਾ ਹਿੱਸਾ ਬਣਾਉਣ ਅਤੇ ਵਿਗਿਆਨਕ ਖੇਤੀ ਤਰੀਕਿਆਂ ਦੇ ਧਾਰਨੀ ਬਣਨ ਲਈ ਆਖਿਆ।

ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਹਰਪਾਲ ਸਿੰਘ ਰੰਧਾਵਾ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।

ਇਸ ਮੇਲੇ  ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।

 ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

ਇਸ ਮੌਕੇ ਖੇਤੀ ਸੰਸਥਾਨ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ।

Exit mobile version