ਭੈਣ ਨੇ ਪ੍ਰੇਮੀ ਨਾਲ ਮਿਲ ਕੇ ਚਚੇਰੇ ਭਰਾ ਦਾ ਕੀਤਾ ਕਤਲ, ਪੁਲਿਸ ਨੇ ਭੈਣ ਤੇ ਉਸ ਦੇ ਪ੍ਰੇਮੀ ਨੂੰ ਕੀਤਾ ਗ੍ਰਿਫਤਾਰ

ਗੁਰਦਾਸਪੁਰ, 17 ਸਤੰਬਰ 2024 (ਦੀ ਪੰਜਾਬ ਵਾਇਰ)। ਬੀਤੇ ਦਿਨ ਦੀਨਾਨਗਰ ਦੇ ਪਿੰਡ ਸੀਹੋਵਾਲ ਤੋਂ ਮਿਲੀ 18 ਸਾਲਾ ਨੌਜਵਾਨ ਦੀ ਲਾਸ਼ ਦੇ ਮਾਮਲੇ ਦਾ ਭੇਤ ਸੁਲਝਾਉਂਣ ਦਾ ਦਾਅਵਾ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦੇ ਚਾਚੇ ਦੀ ਧੀ ਸੀ, ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਰਜਬਾਹੇ ਨੇੜੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੀਹੋਵਾਲ ਦੇ ਰਜਬਾਹੇ ਕੋਲ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਬੋਰੀ ਵਿੱਚ ਪਈ ਹੈ। ਸੂਚਨਾ ਮਿਲਣ ’ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ। ਸ਼ਨਾਖਤ ਕਰਨ ‘ਤੇ ਪਤਾ ਲੱਗਾ ਕਿ ਲਾਸ਼ ਰੋਹਿਤ ਕੁਮਾਰ ਵਾਸੀ ਪਿੰਡ ਦਾਖਲਾ ਦੀ ਹੈ। ਬੋਰੀ ਖੋਲ੍ਹ ਕੇ ਜਦੋਂ ਲਾਸ਼ ਦੀ ਜਾਂਚ ਕੀਤੀ ਤਾਂ ਸਿਰ ਦੇ ਪਿਛਲੇ ਪਾਸੇ ਸੱਟ ਦੇ ਨਿਸ਼ਾਨ ਸਨ। ਮ੍ਰਿਤਕ ਦੇ ਪਿਤਾ ਰਮੇਸ਼ ਲਾਲ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਰੋਹਿਤ ਕੁਮਾਰ ਦੇ ਚਾਚੇ ਦੀ ਲੜਕੀ ਪ੍ਰਿਆ ਪੁੱਤਰੀ ਸਲਵਿੰਦਰ ਕੁਮਾਰ ਵਾਸੀ ਦੌਖਲਾ ਨੇ ਆਪਣੇ ਪ੍ਰੇਮੀ ਬੌਬੀ ਪੁੱਤਰ ਰਾਮ ਲੁਭਾਇਆ ਵਾਸੀ ਘਰੋਟੀਆ ਨਾਲ ਮਿਲ ਕੇ ਕਿਸੇ ਨਿੱਜੀ ਰੰਜਿਸ਼ ਦੇ ਚੱਲਦਿਆਂ ਕਤਲ ਨੂੰ ਅੰਜਾਮ ਦਿੱਤਾ ਹੈ। ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਬੋਰੀ ਵਿੱਚ ਪਾ ਕੇ ਮੋਟਰਸਾਈਕਲ ’ਤੇ ਰਜਬਾਹਾ ਵਿੱਚ ਸੁੱਟ ਦਿੱਤਾ। ਬਾਅਦ ਵਿੱਚ ਦੋਵਾਂ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਲੱਕੜ, ਮੋਟਰਸਾਈਕਲ, ਬੋਰੀ, ਚੁੰਨੀ ਅਤੇ ਰੱਸੀ ਵੀ ਬਰਾਮਦ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਵਿਰੁੱਧ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।

Exit mobile version