ਸਿਹਤ ਕਰਮਚਾਰੀਆਂ ‘ਤੇ ਕਿਸੇ ਵੱਲੋਂ ਕੋਈ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ

ਸਿਹਤ ਕਾਮਿਆਂ ਦੀ ਸੁਰੱਖਿਆ  ਯਕੀਨੀ ਬਣਾਉਣ ਦੀ ਕੀਤੀ ਵਿਉਂਤਬੰਦੀ-ਜਿਲਾ ਸਿਹਤ ਬੋਰਡ ਦਾ ਕੀਤਾ ਗਠਨ

ਗੁਰਦਾਸਪੁਰ, 12 ਸਤੰਬਰ 2024 ( ਦੀ ਪੰਜਾਬ ਵਾਇਰ )। ਸਿਹਤ ਕਰਮਚਾਰੀਆਂ ਦੀ ਸੁਰੱਖਿਆ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਉਮਾ ਸ਼ੰਕਰ ਗੁਪਤਾ ਦੀ ਪ੍ਰਧਾਨਗੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦੇ ਦਫਤਰ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਨਵਗਠਿਤ ਜਿਲਾ ਸਿਹਤ ਬੋਰਡ ਨਾਲ ਜਿਲੇ ਵਿੱਚ ਸਮੂਹ  ਸਿਹਤ ਕਾਮਿਆਂ ਦੀ ਸੁਰੱਖਿਆ ਲਈ ਵਿਵਹਾਰਕ ਵਿਉਂਤਬੰਦੀ ਕੀਤੀ ਗਈ।ਉਨ੍ਹਾਂ ਹਦਾਇਤਾਂ ਕੀਤੀਆਂ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਸਮੂਹ ਸਿਹਤ ਸੰਸਥਾਵਾਂ ਵਿਖੇ ਸੁਰੱਖਿਆ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਸਿਹਤ ਕਾਮਿਆਂ ਦੀ ਸੁਰੱਖਿਆ ਐਕਟ ਸਬੰਧੀ ਬੋਰਡ ਡਿਸਪਲੇਅ ਕੀਤੇ ਜਾਣ। ਇਹ ਕਮੇਟੀਆਂ ਸੰਸਥਾਵਾਂ ਵਿੱਚ ਮਰੀਜਾਂ, ਉਨ੍ਹਾਂ ਦੇ ਵਾਰਿਸ ਅਤੇ ਲੋਕਾਂ ਤੋ ਜਰੂਰੀ ਹਦਾਇਤਾਂ ਦੀ ਪਾਲਣਾ ਕਰਵਾਉਣਗੀਆਂ ।

ਉਨ੍ਹਾਂ ਭਰੋਸਾ ਦੁਆਇਆ ਕਿ ਸਿਹਤ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸ਼ਨ ਵਿੱਚ ਬਿਹਤਰ ਤਾਲਮੇਲ ਸਥਾਪਤ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਘਟਨਾ ਹੋਣ ਵੇਲੇ ਮਦਦ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ  ਵਿੱਚ ਸੀਸੀਟੀਵੀ ਲਗਾਉਣਾ ਯਕੀਨੀ ਬਣਾਇਆ ਜਾਵੇ। ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਤੇ ਨਿਪਟਾਰਾ ਕੀਤਾ ਜਾਵੇ।

ਐਸਐਸਪੀ  ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਹੈਲਪਲਾਈਨ ਨੰਬਰ 112 ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਇਸ ਨੰਬਰ ਉੁੱਤੇ ਕਾਲ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ।

ਐਸਐਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਰੋਜਾਨਾ  ਸਿਹਤ ਸੰਸਥਾਵਾਂ ਦੀ ਪੈਟਰੋਲਿੰਗ ਕੀਤੀ ਜਾਵੇਗੀ ।

ਸਿਵਲ ਸਰਜਨ ਡਾ. ਭਾਰਤ ਭੂਸ਼ਨ  ਨੇ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਮੇਂ ਸਮੇਂ ਤੇ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇ।

ਇਸ ਮੌਕੇ ਏਡੀਸੀ ਜਨਰਲ ਸੁਰਿੰਦਰ ਸਿੰਘ , ਜਿਲਾ ਅਟਾਰਨੀ ਸ਼੍ਰੀਮਤੀ ਨੀਲਮ ,ਡੀਐਮਸੀ ਰੋਮੀ ਰਾਜਾ ਮਹਾਜਨ , ਡਾਕਟਰ ਜਨਾਤਨ, ਆਈਅਐਮਏ ਦੇ ਪ੍ਰਧਾਨ ਡਾ. ਬੀ.ਐਸ ਬਾਜਵਾ, ਨਰਸਿੰਗ ਯੂਨੀਅਨ ਦੇ ਪ੍ਰਧਾਨ ਕਮਲ ਕੌਰ  ਆਦਿ ਹਾਜਰ ਸਨ।

Exit mobile version