ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਵਾਰ ਵਾਰ ਫਰਲੋ ਦਿਵਾਉਣ ਵਾਲੇ ਆਈ.ਪੀ.ਐਸ ਨੂੰ ਭਾਜਪਾ ਵੱਲੋਂ ਚੋਣ ਟਿਕਟ ਦੇਣ ‘ਤੇ ਸੁਖਜਿੰਦਰ ਰੰਧਾਵਾ ਦਾ ਤਿੱਖਾ ਹਮਲਾ

ਗੁਰਦਾਸਪੁਰ, 5 ਸਤੰਬਰ 2024 (ਦੀ ਪੰਜਾਬ ਵਾਇਰ)। ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ਤੋਂ ਫਰਲੋ ਦਿਵਾਉਣ ਵਾਲੇ ਆਈ.ਪੀ.ਐਸ ਅਧਿਕਾਰੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਟਿਕਟ ਦਿੱਤੇ ਜਾਣ ਦੇ ਮਾਮਲੇ ਨੇ ਰਾਜਨੀਤਿਕ ਮਾਹੌਲ ਗਰਮਾ ਦਿੱਤਾ ਹੈ। ਭਾਜਪਾ ਦੇ ਇਸ ਫੈਸਲੇ ‘ਤੇ ਪੰਜਾਬ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਗੁਰਦਾਸਪੁਰ ਦੇ ਕਾਂਗਰਸੀ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਭਾਜਪਾ ਹੁਣ ਰਾਜਨੀਤਿਕ ਮਰਯਾਦਾ ਤੋਂ ਬਿਲਕੁਲ ਗਿਰ ਚੁੱਕੀ ਹੈ।

ਸੁਖਜਿੰਦਰ ਰੰਧਾਵਾ ਨੇ ਆਪਣੇ ਟਵੀਟ ਰਾਹੀਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਤਿੱਖੇ ਪ੍ਰਹਾਰ ਕਰਦੇ ਹੋਏ ਜਾਖੜ ਨੂੰ ਕਿਹਾ ਕਿ ਜਨਾਬ ਜੀ @sunilkjakhar ਜੀ! ਘਟੋ ਘੱਟ ਤੁਸੀ ਤਾਂ ਪਾਰਟੀ ਦੇ ਇਸ ਫੈਸਲੇ ਉੱਤੇ ਕੁਝ ਬੋਲੋ। ਉਨ੍ਹਾਂ ਕਿਹਾ, “ਭਾਜਪਾ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।”

ਰੰਧਾਵਾ, ਜੋ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਹਨ, ਨੇ ਇਸ ਮਾਮਲੇ ਵਿੱਚ ਭਾਜਪਾ ਦੀ ਨੀਤੀਆਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਜਿਹੇ ਫੈਸਲੇ ਪਾਰਟੀ ਦੀ ਅਸਲੀ ਸੱਚਾਈ ਨੂੰ ਬੇਨਕਾਬ ਕਰਦੇ ਹਨ।

ਇਹ ਮਾਮਲਾ ਸਿਰਫ ਇੱਕ ਚੋਣ ਟਿਕਟ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦੇ ਨਾਲ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲ ਰਹੇ ਫਰਲੋ ਮਾਮਲੇ ਨਾਲ ਜੁੜੀ ਹੋਈ ਭਾਜਪਾ ਦੀ ਭੂਮਿਕਾ ਤੇ ਵੀ ਚਰਚਾ ਨੂੰ ਜਨਮ ਦਿੱਤਾ ਹੈ।

Exit mobile version