ਮਰੀਜਾਂ ਲਈ ਵਰਦਾਨ ਬਣੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ

ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਦੂਰਬੀਨ ਰਾਹੀ ਲਿਗਾਮੈਂਟ ਦੇ ਆਪਰੇਸ਼ਨ ਸ਼ੁਰੂ ਹੋਏ – ਰਮਨ ਬਹਿਲ

ਗੁਰਦਾਸਪੁਰ, 28 ਅਗਸਤ 2024 (ਦੀ ਪੰਜਾਬ ਵਾਇਰ )। ਰਾਸ਼ਿਦ ਮਸੀਹ ਹੁਣ ਫਿਰ ਤੁਰਨ-ਫਿਰਨ ਲੱਗ ਪਿਆ ਹੈ। ਇੱਕ ਐਕਸੀਡੈਂਟ ਨੇ ਉਸਨੂੰ ਅਪਾਹਜ ਕਰ ਦਿੱਤਾ ਸੀ। ਜਦੋਂ ਉਸਦਾ ਐਕਸੀਡੈਂਟ ਹੋਇਆ ਤਾਂ ਉਹ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਗਿਆ। ਨਿੱਜੀ ਹਸਪਤਾਲ ਦੇ ਮਹਿੰਗੇ ਇਲਾਜ ਨੇ ਆਰਥਿਕ ਪੱਖੋਂ ਉਸਨੂੰ ਬਹੁਤ ਕਮਜ਼ੋਰ ਕਰ ਦਿੱਤਾ। ਇੱਕ ਐਕਸੀਡੈਂਟ ਨਾਲ ਜਿੱਥੇ ਉਸਦਾ ਤੁਰਨਾ-ਫਿਰਨਾ ਮੁਸ਼ਕਲ ਸੀ ਓਥੇ ਆਰਥਿਕ ਤੰਗੀ ਨੇ ਉਸਨੂੰ ਹੋਰ ਪਰੇਸ਼ਾਨ ਕਰ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਮਰੀਜ਼ ਮੰਗਤ ਸਿੰਘ ਨੂੰ ਵੀ ਸਰਬੱਤ ਸਿਹਤ ਬੀਮਾ ਯੋਜਨਾ ਨੇ ਨਵਾਂ ਜੀਵਨ ਦਿੱਤਾ ਹੈ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਜ਼ਿਲ੍ਹਾ ਹਸਪਤਾਲ, ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਕਰਵਾਉਣ ਵਾਲੇ ਮਰੀਜ਼ ਰਾਸ਼ਿਦ ਮਸੀਹ ਅਤੇ ਮੰਗਤ ਸਿੰਘ ਨਾਲ ਗੱਲਬਾਤ ਕੀਤੀ ਗਈ।

ਇਲਾਜ ਕਰਵਾ ਰਹੇ ਮੰਗਤ ਸਿੰਘ ਵਾਸੀ ਅਟਾਰੀ ਨੇ ਦਸਿਆ ਕਿ ਉਸ ਦੀ ਸੱਜੀ ਲੱਤ ਦੇ ਲਿਗਾਮੇੰਟ ਖਰਾਬ ਹੋ ਗਏ ਸਨ। ਪ੍ਰਾਈਵੇਟ ਹਸਪਤਾਲ ਜਿਨ੍ਹਾਂ ਖਰਚ ਦੱਸਦੇ ਸਨ ਉਨ੍ਹਾਂ ਖਰਚ ਕਰਨਾ ਉਸਦੇ ਵਸ ਦੀ ਗੱਲ ਨਹੀਂ ਸੀ। ਉਹ ਅਖੀਰ ਆਪਣੇ ਇਲਾਜ ਲਈ ਜ਼ਿਲਹਾ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਿਆ ਜਿਥੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਵਿੰਦ ਮਹਾਜਨ ਨੇ ਉਸਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਕਰਨ ਦਾ ਭਰੋਸਾ ਦਿੱਤਾ। ਉਸਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਡਾ. ਦਿਨੇਸ਼ ਵੱਲੋਂ ਸਿਹਤ ਬੀਮਾ ਯੋਜਨਾ ਤਹਿਤ 50 ਹਜਾਰ ਰੁਪਏ ਦੇ ਖਰਚ ਨਾਲ ਉਸਦਾ ਲਿਗਾਮੈਂਟ ਦਾ ਦੂਰਬੀਨ ਰਾਹੀ ਸਫਲ ਆਪਰੇਸ਼ਨ ਕੀਤਾ ਗਿਆ। ਮੰਗਤ ਸਿੰਘ ਨੇ ਦੱਸਿਆ ਕਿ ਇਲਾਜ ਉੱਪਰ ਉਸਦਾ ਇੱਕ ਰੁਪਿਆ ਖਰਚ ਨਹੀਂ ਹੋਇਆ ਅਤੇ ਉਸ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਆਪਣਾ ਰੂਟੀਨ ਚੈੱਕ-ਅੱਪ ਕਰਵਾਉਣ ਆਏ ਰਾਸ਼ਿਦ ਮਸੀਹ ਨੇ ਦਸਿਆ ਕਿ ਇੱਕ ਐਕਸੀਡੇੰਟ ਨੇ ਉਸ ਦੀ ਇੱਕ ਲੱਤ ਬੇਕਾਰ ਕਰ ਦਿੱਤੀ ਸੀ। ਨਿੱਜੀ ਹਸਪਤਾਲ ਵਿੱਚ ਵੱਡੀ ਰਕਮ ਖਰਚ ਕਰਨ ਦੇ ਬਾਵਜੂਦ ਵੀ ਉਸਨੂੰ ਅਰਾਮ ਨਹੀਂ ਆਇਆ ਸੀ ਸਗੋਂ ਉਹ ਆਰਥਿਕ ਪੱਖੋਂ ਵੀ ਲਾਚਾਰ ਹੋ ਗਿਆ ਸੀ। ਆਖ਼ਰ ਚੇਅਰਮੈਨ ਰਮਨ ਬਹਿਲ ਨੇ ਊਸ ਦੀ ਸਮੱਸਿਆ ਦਾ ਹੱਲ ਕਰਵਾਇਆ। ਮਾਹਿਰ ਡਾਕਟਰਾਂ ਤੋਂ ਉਸ ਦਾ ਇਲਾਜ ਕਰਵਾਇਆ ਅਤੇ ਉਸ ਦੀ ਲੱਤ ਦੇ ਕੁੱਝ ਆਪਰੇਸ਼ਨ ਕਰਕੇ ਗੋਡੇ ਅਤੇ ਲਿਗਾਮੈਂਟ ਠੀਕ ਕੀਤੇ ਗਏ ਅਤੇ ਪਲੇਟਾਂ ਪਾਈਆਂ ਗਈਆਂ। ਰਾਸ਼ਿਦ ਮਸੀਹ ਨੇ ਦੱਸਿਆ ਕਿ ਮੇਰੇ ਇਲਾਜ ਵਾਸਤੇ ਚੇਅਰਮੈਨ ਰਮਨ ਬਹਿਲ ਨੇ ਪੰਜਾਬ ਸਰਕਾਰ ਤੋਂ ਕਰੀਬ ਢਾਈ ਲੱਖ ਰੁਪਏ ਦੀ ਮਨਜ਼ੂਰੀ ਵੀ ਦਿਵਾਈ। ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਸਮੇਂ ਉਸਨੇ ਇੱਕ ਰੁਪਈਆ ਵੀ ਖਰਚ ਨਹੀੰ ਕੀਤਾ। ਹੁਣ ਉਹ ਤੁਰ-ਫਿਰ ਲੈਂਦਾ ਹੈ ਅਤੇ ਈ-ਰਿਕਸ਼ਾ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ। ਰਾਸ਼ਿਦ ਆਪਣੇ ਇਲਾਜ ਲਈ ਪੰਜਾਬ ਸਰਕਾਰ ਅਤੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਜਾਂਦਾ ਹੈ।

ਇਨ੍ਹਾਂ ਨਾਲ ਮੁਲਾਕਾਤ ਸਮੇਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਹੁਣ ਲਿਗਾਮੈਂਟ ਦੇ ਦੂਰਬੀਨ ਰਾਹੀਂ ਓਪਰੇਸ਼ਨ ਸ਼ੁਰੂ ਹੋ ਚੁੱਕੇ ਹਨ। ਇਸਦੇ ਨਾਲ ਹੀ ਜ਼ਿਲ੍ਹਾ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਅਤੇ ਡੀ.ਐੱਮ.ਸੀ. ਡਾ. ਰੋਮੀ ਰਾਜਾ ਵੱਲੋਂ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Exit mobile version