ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਬਾਬਾ ਨਾਨਕ ਵਿਖੇ ਲੜਕੀਆਂ ਲਈ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਲਗਾਇਆ

465 ਲੜਕੀਆਂ ਨੇ ਰੁਜ਼ਗਾਰ ਮੇਲੇ ਵਿੱਚ ਹਿੱਸਾ ਲਿਆ, 356 ਲੜਕੀਆਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਚੋਣ

ਗੁਰਦਾਸਪੁਰ, 27 ਅਗਸਤ 2024 (ਦੀ ਪੰਜਾਬ ਵਾਇਰ )।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼  ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿੱਚ 465 ਲੜਕੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 356 ਲੜਕੀਆਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਨੌਂਕਰੀ ਲਈ ਚੋਣ ਕੀਤੀ ਗਈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲੇ ਦੌਰਾਨ ਰੈਕਸਾ ਸਕਿਉਰਿਟੀ, ਸਿਵਫਟ ਸਕਿਉਰਿਟੀ, ਕੇ.ਵੀ. ਇੰਟਰਪਰਾਈਜ਼ਰ, ਨੈੱਟ ਸਪਾਟ ਸਰਵਿਸ ਪ੍ਰਾਈਵੇਟ ਲਿਮਟਿਡ, ਏਅਰਟੈੱਲ, ਆਈ.ਸੀ.ਆਈ.ਸੀ, ਐੱਸ.ਟੀ. ਕੋਟੈਕਸ ਐਕਸਪੋਰਟ, ਐੱਲ.ਆਈ.ਸੀ, ਐੱਸ.ਬੀ.ਆਈ. ਇੰਸ਼ੋਰੈਂਸ, ਐੱਚ.ਐੱਸ.ਬੀ.ਸੀ, ਬਜਾਜ ਫਾਈਨੈਂਸ, ਪੁਖਰਾਜ ਹਰਬਲ ਅਤੇ ਐਜੀਲਾ ਹਰਬਲ ਸਮੇਤ ਵੱਖ-ਵੱਖ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ ਲੜਕੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਯੋਗਤਾ ਅਨੁਸਾਰ  10,000 ਤੋਂ 15,000 ਰੁਪਏ  ਤੱਕ ਦਾ ਸੈਲਰੀ ਪੈਕੇਜ ਦਿੱਤਾ ਜਾਵੇਗਾ।

ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੜਕੀਆਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਬਾਰੇ ਦੱਸਿਆ ਗਿਆ।  ਲੜਕੀਆਂ ਨੂੰ ਪ੍ਰਧਾਨ ਮੰਤਰੀ ਸਵੈ-ਰੁਜ਼ਗਾਰ ਯੋਜਨਾ, ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ ਸਮੇਤ ਸਵੈ-ਰੁਜ਼ਗਾਰ ਦੀਆਂ ਹੋਰ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਸਵੈ-ਰੁਜ਼ਗਾਰ ਲਈ ਲੜਕੀਆਂ ਦੇ ਨਾਮ ਦਰਜ ਕੀਤੇ ਗਏ।

ਇਸ ਮੌਕੇ ਉੱਘੇ ਜਨਤਕ ਆਗੂ ਅਤੇ ਸੀਨੀਅਰ ਵਾਈਸ ਚੇਅਰਮੈਨ ਸ. ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੌਂਕਰੀ ਲਈ ਚੁਣੀਆਂ ਗਈਆਂ ਲੜਕੀਆਂ ਨੂੰ ਆਫ਼ਰ ਲੈਟਰ ਤਕਸੀਮ ਕੀਤੇ। ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਂਕਰੀਆਂ ਦੇ ਨਾਲ ਸਵੈ-ਰੁਜ਼ਗਾਰ ਸ਼ੁਰੂ ਕਰਨ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਹੀ ਰੁਜ਼ਗਾਰ  ਦੇ ਮੌਕੇ ਮਿਲਣ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਡੇਰਾ ਬਾਬਾ ਨਾਨਕ ਵਿਖੇ ਲੜਕੀਆਂ ਲਈ ਲਗਾਇਆ ਗਿਆ ਇਹ ਰੁਜ਼ਗਾਰ ਤੇ ਸਵੈ-ਰੁਜ਼ਗਾਰ ਕੈਂਪ ਬਹੁਤ ਵਧੀਆ ਉਪਰਾਲਾ ਹੈ।

Exit mobile version