ਮੇਲਿਆਂ ਦਾ ਸਰਤਾਜ ਦੋ ਦਿਨਾਂ ਮੇਲਾ ਛਿੰਝ ਬੱਬੇਹਾਲੀ 30 ਅਗਸਤ ਤੋਂ

ਬੱਬੇਹਾਲੀ ਦੀ ਛਿੰਝ ਮਸ਼ਹੂਰ ਜਗ ਤੇ, ਇੱਥੇ ਮੁੱਲ ਪੈਂਦਾ ਮਰਦਾਂ ਘੋੜਿਆਂ ਦਾ

ਗੁਰਦਾਸਪੁਰ, 27 ਅਗਸਤ 2024(ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਸਦੀਆਂ ਤੋਂ ਰਵਾਇਤ ਅਨੁਸਾਰ ਚਲਦਾ ਆ ਰਿਹਾ ਮੇਲਾ ਛਿੰਝ ਬੱਬੇਹਾਲੀ ਇਸ ਵਾਰ ਵੀ ਪਿੰਡ ਵਾਸੀਆਂ ਵੱਲੋਂ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਮੇਲੇ ਦੇ ਮੁੱਖ ਪ੍ਰਬੰਧਕ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਮੇਲਿਆਂ ਦੇ ਸਰਤਾਜ ਨਾਮ ਨਾਲ ਜਾਣੇ ਜਾਂਦੇ ਇਸ ਮੇਲੇ ਵਿੱਚ ਹੋਣ ਵਾਲੀਆਂ ਖੇਡਾਂ ਦਾ ਉਦਘਾਟਨ 30 ਅਗਸਤ ਨੂੰ ਸ਼ਾਮ 4 ਵਜੇ ਪਿੰਡ ਦੇ ਸਵਰਗੀ ਸਰਦਾਰ ਮਹਿੰਦਰ ਸਿੰਘ ਬੱਬੇਹਾਲੀ ਸਟੇਡੀਅਮ ਵਿੱਚ ਕੀਤਾ ਜਾਵੇਗਾ ।

ਇਸ ਤੋਂ ਅਗਲੇ ਦਿਨ 31 ਅਗਸਤ ਸ਼ਾਮ 4 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ (ਪੰਜਾਬ) ਸੁਖਬੀਰ ਸਿੰਘ ਬਾਦਲ ਇਨਾਮ ਵੰਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਗੇ । ਮੇਲੇ ਵਿੱਚ ਕਬੱਡੀ ਦੇ ਸ਼ੋਅ ਮੈਚ ਹੋਣਗੇ ਅਤੇ ਵੱਖ-ਵੱਖ ਵਰਗ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ । ਮਾਲੀ ਦੀ ਕੁਸ਼ਤੀ ਦੇ ਨਾਲ ਹੀ ਐਥਲੀਟ ਲੜਕੇ ਲੜਕੀਆਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਬਿਨਾਂ ਨਾਮ ਦਰਜ ਅਤੇ ਟੋਕਨ , ਕਿਸੇ ਵੀ ਖਿਡਾਰੀ ਨੂੰ ਇਨਾਮ ਨਹੀਂ ਦਿੱਤਾ ਜਾਵੇਗਾ । ਇਸੇ ਦਿਨ ਸਵੇਰੇ 11 ਵਜੇ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਗਾਇਕਾ ਜੈਸਮੀਨ ਅਖ਼ਤਰ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ । ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਹੁੰਮ੍ਹ ਹੁਮਾ ਕੇ ਮੇਲੇ ਦੀ ਰੌਣਕ ਵਧਾਉਣ ਦਾ ਸੱਦਾ ਦਿੱਤਾ ਹੈ ।

FacebookTwitterEmailWhatsAppTelegramShare
Exit mobile version