ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ ਮਿਤੀ 19 ਅਗਸਤ ਨੂੰ ਸ਼ੁਰੂ

ਗੁਰਦਾਸਪੁਰ, 14 ਅਗਸਤ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜੋ ਡੇਅਰੀ ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ ਕੋਰਸ ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਮਿਤੀ 19 ਅਗਸਤ 2024 ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਦੱਸਿਆ ਕਿ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ ਮਿਤੀ 19 ਅਗਸਤ 2024 ਤੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਵੇਰਕਾ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਕਰਵਾਈ ਜਾਣੀ ਹੈ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜੋ ਘੱਟੋ ਘੱਟ 5ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਿਤ ਹੋਣ, ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।

ਸਿਖਲਾਈ ਉਪਰੰਤ ਵਿਭਾਗ ਵੱਲੋਂ ਸਬੰਧਤਾਂ ਨੂੰ ਵੱਖ ਵੱਖ ਬੈਂਕਾਂ ਤੋਂ ਡੇਅਰੀ ਕਰਜ਼ੇ ਦੀ ਸੁਵਿਧਾ ਰਾਹੀਂ 2 ਤੋਂ 20 ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਵਾ ਕੇ 25 ਫ਼ੀਸਦੀ ਜਨਰਲ ਅਤੇ 33 ਫ਼ੀਸਦੀ ਅ. ਜਾਤੀ ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਚਾਹਵਾਨ ਲੜਕੇ/ਲੜਕੀਆਂ ਇਸ ਸਬੰਧੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਨਾਲ ਆਪਣੇ ਅਸਲ ਯੋਗਤਾ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਫ਼ੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਨੰਬਰ 805480088 ਅਤੇ 7508973471 ਤੇ ਸੰਪਰਕ ਕਰੋ।

Exit mobile version