ਡਿਪਟੀ ਕਮਿਸ਼ਨਰ ਵੱਲੋਂ ਅਜ਼ਾਦੀ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ

ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਅਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ

ਫੁੱਲ ਡਰੈੱਸ ਰਿਹਰਸਲ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਵਿਖੇ ਕੌਮੀ ਝੰਡਾ ਲਹਿਰਾਉਣਗੇ

ਗੁਰਦਾਸਪੁਰ, 13 ਅਗਸਤ 2024 ( ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਸਥਾਨਕ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅਜ਼ਾਦੀ ਦਿਹਾੜੇ ਸਬੰਧੀ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ. ਸ੍ਰੀ ਹਰੀਸ਼ ਦਾਯਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ਵਨੀ ਅਰੋੜਾ, ਐੱਸ.ਪੀ. ਸ. ਗੁਰਵਿੰਦਰ ਸਿੰਘ ਰੰਧਾਵਾ, ਡੀ.ਐੱਸ.ਪੀ. ਸੁਖਰਾਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਹਨ।

ਫੁੱਲ ਡਰੈੱਸ ਰਿਹਰਸਲ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸ਼ਹੀਦੀ ਗੈਲਰੀ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਪਰੰਤ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਉਪਰੰਤ ਡੀ.ਐੱਸ.ਪੀ. ਸ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਮਹਿਲਾ ਪਲਾਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਸ (ਲੜਕੇ ਤੇ ਲੜਕੀਆਂ) ਅਤੇ ਪੰਜਾਬ ਪੁਲਿਸ ਬੈਂਡ ਦੀਆਂ ਪਲਾਟੂਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।

ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਪੰਜਾਬੀ ਸਭਿਆਚਾਰ ਨੂੰ ਰੂਪਮਾਨ ਕਰਦਾ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਰਿਹਰਸਲ ਦੌਰਾਨ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਨੇ ਵੀ ਖ਼ੂਬ ਰੰਗ ਬੰਨਿਆ।

ਅਜ਼ਾਦੀ ਦਿਵਸ ਸਮਾਗਮ ਦੀ ਰਿਹਰਸਲ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਪ੍ਰਬੰਧਾਂ ਵਿੱਚ ਲੱਗੇ ਅਧਿਕਾਰੀਆਂ ਅਤੇ ਸਭਿਆਚਾਰਕ ਸਮਾਗਮ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੂਬੇ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਵਿਭਾਗ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਹੋਣ ਵਾਲਾ ਇਹ ਜ਼ਿਲ੍ਹਾ ਪੱਧਰੀ ਅਜ਼ਾਦੀ ਸਮਾਗਮ ਪੂਰੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਅਜ਼ਾਦੀ ਜਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ।

Exit mobile version