ਡਾ. ਸਰਬਜੀਤ ਸਿੰਘ ਛੀਨਾ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਤੇ ਲਿਖੀ ਪੁਸਤਕ ‘ਸੇਵੀਅਰ ਸਿੰਘ’ ਹੋਈ ਰਿਲੀਜ਼

ਇਹ ਪੁਸਤਕ ਦਾ ਬਹੁ-ਭਾਸ਼ਾਈ ਅਨੁਵਾਦ ਜ਼ਰੂਰ ਹੋਵੇਗਾ-ਡਾ: ਛੀਨਾ

ਆਨੰਦਪੁਰ ਸਾਹਿਬ,13 ਅਗਸਤ 2024 (ਦੀ ਪੰਜਾਬ ਵਾਇਰ )। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ: ਐਸ. ਪੀ. ਸਿੰਘ ਓਬਰਾਏ ਦੇ ਜੀਵਨ, ਪ੍ਰਾਪਤੀਆਂ ਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਡਾ: ਸਰਬਜੀਤ ਸਿੰਘ ਛੀਨਾ ਵੱਲੋਂ ਲਿਖੀ ਗਈ ਪੁਸਤਕ ‘ਸੇਵੀਅਰ ਸਿੰਘ’ ਅੱਜ ਇੱਥੇ ਜਾਰੀ ਕੀਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਅਧੀਨ ਚੱਲਦੇ ਸੰਨੀ ਓਬਰਾਏ ਵਿਵੇਕ ਸਦਨ : ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਯੋਜਿਤ ਸਮਾਗਮ ਦੌਰਾਨ ਇਹ ਪੁਸਤਕ ‘ਸੇਵੀਅਰ ਸਿੰਘ’ ਰਿਲੀਜ਼ ਕੀਤੀ ਗਈ। ਇਸ ਦੌਰਾਨ ਸਮਾਰੋਹ ਵਿੱਚ ਇਸ ਕਿਤਾਬ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਗੋਸ਼ਟੀ ਕੀਤੀ ਗਈ। ਇਸ ਸਮਾਰੋਹ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ, ਵਾਈਸ ਚਾਂਸਲਰ (ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ। ਇਸ ਮੌਕੇ ਸੁਖਦੀਪ ਸਿੰਘ ਸਿੱਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਡਾ. ਸਰਬਜਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।

ਕਿਤਾਬ ਰਿਲੀਜ਼ ਕਰਨ ਮੌਕੇ ਨਾਮਵਰ ਅਰਥ ਸ਼ਾਸਤਰੀ ਤੇ ਕਿਤਾਬ ਦੇ ਲੇਖਕ ਡਾ. ਸਰਬਜੀਤ ਸਿੰਘ ਛੀਨਾ ਨੇ ਕਿਹਾ ਕਿ ਅਸੀਂ ਇਹ ਕਿਤਾਬ ਅੰਗ੍ਰੇਜ਼ੀ ਵਿੱਚ ਵੀ ਛਪਵਾਈ ਹੈ ਤਾਂ ਕਿ ਤਕਰੀਬਨ 200 ਦੇਸ਼ਾਂ ਦੇ ਲੋਕ ਇਸ ਨੂੰ ਪੜ੍ਹ ਸਕਣ ਅਤੇ ਡਾ. ਐਸ.ਪੀ. ਸਿੰਘ ਓਬਰਾਏ ਦੀ ਸ਼ਖਸੀਅਤ ਬਾਰੇ ਜਾਣ ਸਕਣ। ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਇੱਕ ਇਹੋ ਜਿਹਾ ਪੰਜਾਬੀ ਵੀ ਹੈ ਜਿਸਨੇ ਦੁਨੀਆਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਹੈਰਾਨੀਜਨਕ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਹ ਕਿਤਾਬ ਹਰ ਜਗ੍ਹਾ ਪਹੁੰਚੇ। ਇਸ ਕਿਤਾਬ ਨੇ ਸੱਚ ਦਾ ਆਧਾਰ ਬਣਨਾ ਹੈ। ਇਸ ਕਿਤਾਬ ਨੇ ਲੋਕਾਂ ਨੂੰ ਪ੍ਰੇਰਣਾ ਦੇਣੀ ਹੈ।

ਇਸ ਮੌਕੇ ਡਾ. ਮਨਮੋਹਨ ਨੇ ਡਾ. ਸਰਬਜੀਤ ਸਿੰਘ ਛੀਨਾ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੈ, ਇਸ ਕਿਤਾਬ ਦੀ ਸ਼ਬਦਾਵਲੀ ਬਹੁਤ ਪਿਆਰੀ ਹੈ। ਇਸ ਕਿਤਾਬ ਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਕਿਤਾਬ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਜਾਵੇਗਾ।

ਇਸ ਮੌਕੇ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿੱਚ ਡਾ. ਸਰਬਜੀਤ ਸਿੰਘ ਛੀਨਾ ਨੇ ਡਾ. ਐਸ.ਪੀ. ਸਿੰਘ ਓਬਰਾਏ ਦੀ ਜੀਵਨੀ ਬਾਰੇ ਜੋ ਅੰਕੜੇ ਹਨ, ਉਹ ਬਾਕਮਾਲ ਢੰਗ ਨਾਲ ਪੇਸ਼ ਕੀਤੇ ਗਏ ਹਨ। ਡਾ. ਓਬਰਾਏ ਦੇ ਜੀਵਨ ਦੀ ਉਹ ਘਟਨਾ ਜਦੋਂ ਉਨ੍ਹਾਂ ਨੇ 17 ਕੈਦੀਆਂ ਨੂੰ ਫਾਂਸੀ ਦੀ ਸਜ਼ਾ ਤੋਂ ਛੁਡਾਉਣ ਤੋਂ ਬਾਅਦ ਆਪਣੇ ਜੀਵਨ ਨੂੰ ਸਮਾਜਸੇਵੀ ਖੇਤਰਾਂ ਵਿੱਚ ਲਿਆਂਦਾ, ਉਸਨੂੰ ਇਸ ਕਿਤਾਬ ਵਿੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਇਸ ਮੌਕੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਡਾ. ਸਰਬਜੀਤ ਸਿੰਘ ਛੀਨਾ ਨੇ ਜਿਹੜੀ ‘ਸੇਵੀਅਰ ਸਿੰਘ’ ਕਿਤਾਬ ਲਿਖੀ ਹੈ ਉਸਦੇ 30 ਅਧਿਆਇ ਅਤੇ 134 ਸਫ਼ੇ ਹਨ। ਇਸ ਵਿੱਚ ਲੇਖਕ ਦੀ ਖੂਬਸੂਰਤੀ ਇਹ ਹੈ ਕਿ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪੜ੍ਹਦਿਆਂ ਹੋਇਆਂ ਅਜਿਹਾ ਜਾਪਦਾ ਹੈ ਕਿ ਜਿਵੇਂ ਇਹ ਘਟਨਾਵਾਂ ਸਾਡੇ ਸਾਹਮਣੇ ਹੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਡਾ. ਐਸ.ਪੀ. ਸਿੰਘ ਓਬਰਾਏ ਦੇ ਜੀਵਨ ਬਾਰੇ ਤਿੰਨ ਕਿਤਾਬਾਂ ਪੜ੍ਹ ਚੁੱਕਾ ਹਾਂ ਪਰ ਜਿਹੜੀ ਇਹ ਕਿਤਾਬ ਹੈ ਇਸ ਪੜ੍ਹਦਿਆਂ ਸਾਨੂੰ ਇਸ ਦਾ ਵਿਜ਼ਿਉਲ ਵੀ ਸਾਫ਼ ਨਜ਼ਰ ਆਉਂਦਾ ਹੈ। ਡਾ. ਛੀਨਾ ਨੇ ਬਹੁਤ ਖੂਬਸੂਰਤੀ ਨਾਲ ਡਾ. ਓਬਰਾਏ ਦੀ ਸ਼ਖਸੀਅਤ ਨੂੰ ਇਸ ਕਿਤਾਬ ਵਿੱਚ ਉਭਾਰਿਆ ਹੈ।

ਇਸ ਮੌਕੇ ਰਿਟਾ. ਜੱਜ ਪੰਜਾਬ ਤੇ ਹਰਿਆਣਾ ਐਮ.ਐਮ. ਐਸ. ਬੇਦੀ, ਵਿਵੇਕ ਸਦਨ ਦੇ ਮੁਖੀ ਡਾ. ਭੁਪਿੰਦਰ ਕੌਰ, ਜੱਸਾ ਸਿੰਘ ਸੰਧੂ,ਡਾ.ਅਟਵਾਲ,ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ ਅਤੇ ਸ਼ਹਿਰ ਦੀਆਂ ਵੱਖ–ਵੱਖ ਸ਼ਖਸੀਅਤਾਂ ਵੀ ਮੌਜੂਦ ਸਨ।

Exit mobile version