ਚੇਅਰਮੈਨ ਰਮਨ ਬਹਿਲ ਨੇ 2 ਗੋਲਡ ਮੈਡਲ ਜਿੱਤਣ ਵਾਲੀ 13 ਸਾਲਾਂ ਦੀ ਮਹਿਵਿਸ਼ ਕੌਰ ਨੂੰ ਕੀਤਾ ਸਨਮਾਨਿਤ

ਹੁਣ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ ਆਪਣੇ ਤੋਂ ਵੱਡੀ ਉਮਰ ਵਰਗ ਦੇ ਖਿਡਾਰੀਆਂ ਨੂੰ ਹਰਾਉਣ ਵਾਲੀ ਖਿਡਾਰਨ

ਗੁਰਦਾਸਪੁਰ, 10 ਅਗਸਤ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ 13 ਸਾਲ ਦੀ ਹੋਣਹਾਰ ਲੜਕੀ ਮਹਿਵਿਸ਼ ਕੌਰ ਨੇ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਵਿਖੇ ਹੋਈ ਚਾਰ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਅੰਡਰ-15 ਅਤੇ ਅੰਡਰ-17 ਕੈਟਾਗਰੀਆਂ ਵਿਚ ਖੇਡ ਕੇ ਦੋਵਾਂ ਕੈਟਾਗਰੀਆਂ ਵਿਚ ਗੋਲਡ ਮੈਡਲ ਜਿੱਤ ਕੇ ਨਾ ਸਿਰਫ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਸਗੋਂ ਉਕਤ ਲੜਕੀ ਨੇ ਹੁਣ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਉਕਤ ਦੋਵਾਂ ਕੈਟਾਗਰੀਆਂ ਵਿਚ ਪੰਜਾਬ ਵੱਲੋਂ ਖੇਡਣ ਲਈ ਆਪਣਾ ਸਥਾਨ ਬਣਾ ਲਿਆ ਹੈ। ਮਹਿਵਿਸ਼ ਕੌਰ ਪਾਵਰਕਾਮ ਦੇ ਐਸਡੀਓ ਇੰਜੀ ਰਵਿੰਦਰਪਾਲ ਸਿੰਘ ਬੁੱਟਰ ਦੀ ਸਪੁੱਤਰੀ ਹੈ ਜਿਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਕਤ ਖਿਡਾਰਨ ਦਾ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਬਹਿਲ ਨੇ ਕਿਹਾ ਕਿ ਅਜਿਹੀਆਂ ਹੋਣਹਾਰ ਧੀਆਂ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨਾਂ ਕਿਹਾ ਕਿ ਮਹਿਵਿਸ਼ ਕੌਰ ਨੇ ਸਿਰਫ ਆਪਣੇ ਉਮਰ ਵਰਗ ਵਿਚ ਤਾਂ ਗੋਲਡ ਮੈਡਲ ਜਿਤਿਆ ਹੀ ਹੈ ਸਗੋਂ ਆਪਣੇ ਤੋਂ ਵੱਡੀ ਉਮਰ ਦੇ ਉਮਰ ਵਰਗ ਵਿਚ ਵੀ ਖੇਡ ਕੇ ਗੋਲਡ ਮੈਡਲ ਹਾਸਿਲ ਕੀਤਾ ਹੈ ਜੋ ਆਪਣੇ ਆਪ ਵਿਚ ਮਾਣ ਅਤੇ ਮਿਸਾਲ ਵਾਲੀ ਗੱਲ ਹੈ। ਉਨਾਂ ਕਿਹਾ ਕਿ ਮਹਿਵਿਸ਼ ਕੌਰ ਦੇ ਮਾਪੇ, ਕੋਚ ਅਤੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨਾਂ ਇਸ ਹੋਣਹਾਰ ਲੜਕੀ ਦੀ ਯੋਗ ਅਗਵਾਈ ਕੀਤੀ ਹੈ।

ਇਸ ਮੌਕੇ ਮਹਿਵਿਸ਼ ਕੌਰ ਦੇ ਪਿਤਾ ਇੰਜੀਨੀਅਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਗੋਲਡ ਮੈਡਲ ਜਿੱਤਣ ਦੇ ਬਾਅਦ ਹੁਣ ਮਹਿਵਿਸ਼ ਕੌਰ ਦੀ ਚੋਣ ਨੈਸ਼ਨਲ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਚਕੂਲਾ ਵਿਖੇ ਪੰਜਾਬ ਵੱਲੋਂ ਖੇਡਣ ਲਈ ਵੀ ਹੋ ਗਈ ਹੈ ਜਿੱਥੇ ਇਹ ਹੋਣਹਾਰ ਖਿਡਾਰਨ ਅੰਡਰ 15 ਅਤੇ ਅੰਡਰ 17 ਗਰਲਸ ਦੇ ਦੋਵਾਂ ਕੈਟਾਗਰੀਆਂ ਵਿੱਚ ਭਾਗ ਲਵੇਗੀ। ਇਸ ਮੌਕੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਡਾਕਟਰ ਮੋਹਿਤ ਮਹਾਜਨ, ਪਸੂ ਪਾਲਣ ਵਿਭਾਗ ਦੇ ਜਾਇੰਟ ਡਾਇਰੈਕਟਰ ਡਾ ਸ਼ਾਮ ਸਿੰਘ, ਰਵੇਲ ਸਿੰਘ ਸਹਾਏਪੁਰ, ਐਕਸੀਅਨ ਦੀਪਕ, ਡਾ ਗੁਰਦੇਵ ਸਿੰਘ, ਸੰਦੀਪ ਸ਼ਰਮਾ, ਕੋਚ ਰਕੇਸ਼ ਕੁਮਾਰ, ਕੋਚ ਸ਼ਸ਼ਾਂਤ ਅਤੇ ਕੰਬੋਜ ਵੀ ਮੌਜੂਦ ਸਨ ਜਿਨ੍ਹਾਂ ਨੇ ਉਕਤ ਖਿਡਾਰਨ ਅਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Exit mobile version