ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਪਿੰਡ ਧਮਰਾਈ ਵਿਖੇ ਨਹਿਰ ਦੇ ਕਿਨਾਰੇ ਦੀ ਮੁਰੰਮਤ ਸ਼ੁਰੂ ਕਰਵਾਈ

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ

ਦੀਨਾਨਗਰ/ਗੁਰਦਾਸਪੁਰ, 9 ਅਗਸਤ 2024 (ਦੀ ਪੰਜਾਬ ਵਾਇਰ) । ਬੀਤੀ ਸ਼ਾਮ ਦੀਨਾਨਗਰ ਨੇੜਲੇ ਪਿੰਡ ਧਮਰਾਈ ਵਿਖੇ ਅਪਰਬਾਰੀ ਦੁਆਬ ਨਹਿਰ ਦੇ ਪੁਰਾਣੇ ਪੁਲ ਦੀ ਵਿੰਗ ਦੀਵਾਰ ਨੁਕਸਾਨੀ ਜਾਣ ਕਾਰਨ ਨਹਿਰ ਦੇ ਕਿਨਾਰੇ ਨੂੰ ਖੋਰਾ ਲੱਗ ਗਿਆ ਸੀ। ਜਿਉਂ ਹੀ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਅਧਿਕਾਰੀਆਂ ਹਦਾਇਤ ਕੀਤੀ ਕਿ ਤੁਰੰਤ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਐੱਸ.ਡੀ.ਐੱਮ. ਦੀਨਾਨਗਰ ਸ੍ਰੀਮਤੀ ਜਯੋਤਸਨਾ ਠਾਕੁਰ ਨੇ ਨਾਇਬ ਤਹਿਸੀਲਦਾਰ ਰਘੁਬੀਰ ਸਿੰਘ ਅਤੇ ਯੂ.ਬੀ.ਡੀ.ਸੀ. ਦੇ ਐੱਸ.ਡੀ.ਓ. ਸੰਜੀਵ ਸ਼ਰਮਾ ਨਾਲ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਰੰਤ ਹੀ ਪੁਲ ਉੱਪਰੋਂ ਆਵਾਜਾਈ ਨੂੰ ਬੰਦ ਕਰਕੇ ਬੀ.ਆਰ. ਪੁਲ ਵੱਲ ਮੋੜ ਦਿੱਤਾ ਗਿਆ ਅਤੇ ਕਿਨਾਰੇ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ।

ਐੱਸ.ਡੀ.ਐੱਮ. ਸ੍ਰੀਮਤੀ ਜਯੋਤਸਨਾ ਠਾਕੁਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਮੇਨ ਲਾਈਨ ਯੂ.ਬੀ.ਡੀ.ਸੀ. (ਅਪਰਬਾਰੀ ਦੁਆਬ ਨਹਿਰ) ‘ਤੇ ਪਿੰਡ ਧਰਮਾਈ ਕੋਲ ਪੁਰਾਣੇ ਪੁਲ ਦੀ ਵਿੰਗ ਦੀਵਾਰ ਨੁਕਸਾਨੀ ਜਾਣ ਕਾਰਨ ਨਹਿਰ ਦੇ ਕਿਨਾਰੇ ਨੂੰ ਖੋਰਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਜਿਉਂ ਹੀ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਉਹ ਮਾਣਯੋਗ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਨਹਿਰ ਵਿੱਚ ਪਾਣੀ ਦਾ ਵਹਾਅ 5000 ਕਿਊਸਿਕ ਦੇ ਕਰੀਬ ਸੀ ਜਿਸ ਨੂੰ ਘਟਾ ਕੇ 3000 ਕਿਊਸਿਕ ਕਰ ਦਿੱਤਾ ਗਿਆ ਹੈ।

ਐੱਸ.ਡੀ.ਐੱਮ. ਸ੍ਰੀਮਤੀ ਜਯੋਤਸਨਾ ਠਾਕੁਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰ ਦੇ ਨੁਕਸਾਨੇ ਗਏ ਕਿਨਾਰੇ ਦੀ ਮੁਰੰਮਤ ਦਾ ਕੰਮ ਰਾਤ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਨਾਰੇ ਦੀ ਮੁਰੰਮਤ ਵਿੱਚ ਪੱਥਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਕਿਨਾਰੇ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਕਿਨਾਰੇ ਦੀ ਮੁਰੰਮਤ ਕਰ ਲਈ ਜਾਵੇਗੀ ਅਤੇ ਉਸ ਉਪਰੰਤ ਏਥੋਂ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਦੇ ਕਿਨਾਰੇ ਦੀ ਤੁਰੰਤ ਮੁਰੰਮਤ ਨਾ ਕੀਤੀ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋਣ ਦਾ ਖ਼ਤਰਾ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਚੌਕਸੀ ਅਤੇ ਤੁਰੰਤ ਕਾਰਵਾਈ ਕਰਕੇ ਟਾਲ ਦਿੱਤਾ ਹੈ।

Exit mobile version