ਧਮਰਾਈ ਨਹਿਰ ‘ਤੇ ਪੁਰਾਣੇ ਪੁਲ ‘ਤੇ ਪਿਆ ਵੱਡਾ ਪਾੜ, ਲੋਕਾਂ ‘ਚ ਡਰ ਦਾ ਮਾਹੌਲ, ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕੀਤੇ

ਗੁਰਦਾਸਪੁਰ, 9 ਅਗਸਤ 2024 (ਦੀ ਪੰਜਾਬ ਵਾਇਰ)। ਦੀਨਾਨਗਰ ਬਲਾਕ ਅਧੀਨ ਪੈਂਦੇ ਪਿੰਡ ਧਮਰਾਈ ਨਹਿਰ ਕੋਲ ਵੱਡਾ ਪਾੜ ਪੈਣ ਕਾਰਨ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਹਾਲਾਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਾਬਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਪਹਾੜੀ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਦਰਿਆਵਾਂ ਅਤੇ ਨਹਿਰਾਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਦੇ ਕੰਢਿਆਂ ’ਤੇ ਵੱਡੀ ਪਾੜ ਪੈ ਰਹੀ ਹੈ।

ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਜਿੰਦਰ ਕਾਹਲੋਂ ਨੇ ਦੱਸਿਆ ਕਿ ਧਮਰਾਈ ਨਹਿਰ ’ਤੇ ਨਵਾਂ ਪੁਲ ਬਣ ਚੁੱਕਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਪੁਲ ਨੂੰ ਚਾਲੂ ਨਹੀਂ ਕੀਤਾ ਗਿਆ। ਜਦੋਂ ਕਿ ਪੁਰਾਣੇ ਪੁਲ ਤੋਂ ਹੀ ਟਰੈਫਿਕ ਆਉਂਦੀ ਸੀ ਪਰ ਹੁਣ ਉਥੇ ਵੱਡਾ ਪਾੜ ਪੈ ਗਿਆ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੁਲ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਡੇ ਪਾੜ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ।

ਨਹਿਰੀ ਵਿਭਾਗ ਦੇ ਐਸ.ਡੀ.ਓ ਰੋਹਿਤ ਨੇ ਦੱਸਿਆ ਕਿ ਇਹ ਵੱਡਾ ਪਾੜ ਪੁਰਾਣੇ ਪੁਲ ਤੇ ਭਾਰੀ ਵਾਹਨਾਂ ਦੇ ਲੰਘਣ ਕਾਰਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਕਿਸੇ ਤਕਨੀਕੀ ਕਾਰਨਾਂ ਕਾਰਨ ਹਾਲੇ ਨਵਾਂ ਪੁਲ ਚਾਲੂ ਨਹੀਂ ਹੋ ਸਕਿਆ ਹੈ। ਪਰ ਹੁਣ ਟਰੈਫਿਕ ਨੂੰ ਪੁਰਾਣੇ ਪੁਲ ਤੋਂ ਮੋੜ ਦਿੱਤਾ ਗਿਆ ਹੈ। ਨਹਿਰ ਵਿੱਚ ਪਾੜ 2 ਦਿਨਾਂ ਵਿੱਚ ਭਰਿਆ ਜਾਵੇਗਾ। ਇਸ ਤੋਂ ਪਹਿਲਾਂ ਨਹਿਰ ਵਿੱਚ ਪਾੜ ਪੈਣ ਦਾ ਮਾਮਲਾ ਧਿਆਨ ਵਿੱਚ ਨਹੀਂ ਆਇਆ ਡਰਨ ਦੀ ਕੋਈ ਗੱਲ ਨਹੀਂ ਹੈ।

Exit mobile version