ਸਰਕਾਰ ਵੱਲੋਂ ਚਲਾਈ ਜਾ ਰਹੀ ਡੋਰ ਸਟੈਪ ਡਿਲੀਵਰੀ ਸੇਵਾ ਲੋਕਾਂ ਲਈ ਹੋ ਰਹੀ ਲਾਹੇਵੰਦ ਸਾਬਿਤ – ਰਮਨ ਬਹਿਲ

1076 ਤੇ ਕਾਲ ਕਰਕੇ ਘਰ ਬੈਠੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ 43 ਪ੍ਰਕਾਰ ਦੀਆਂ ਸੇਵਾਵਾਂ

ਗੁਰਦਾਸਪੁਰ, 1 ਅਗਸਤ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਬਿਹਤਰ ਪ੍ਰਸ਼ਾਸਨਿਕ ਸਹੁਲਤਾਂ ਉਪਲਬੱਧ ਕਰਵਾਉਣ ਲਈ ਸ਼ੁਰੂ ਕੀਤੀ 1076 ਹੈਲਪਲਾਈਨ ਸੇਵਾ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਤਹਿਤ ਕੋਈ ਵੀ ਨਾਗਰਿਕ ਫੋਨ ਨੰਬਰ 1076 ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਲਈ ਸਰਕਾਰੀ ਨੁੰਮਾਇੰਦੇ ਨੂੰ ਆਪਣੇ ਘਰ ਬੁਲਾ ਸਕਦਾ ਹੈ ਭਾਵ ਇੰਨ੍ਹਾਂ 43 ਪ੍ਰਕਾਰ ਦੇ ਸਰਕਾਰੀ ਕੰਮਾਂ ਲਈ ਕਿਸੇ ਵੀ ਦਫ਼ਤਰ ਜਾਣ ਦੀ ਜਰੂਰਤ ਨਹੀਂ ਸਗੋਂ ਦਫ਼ਤਰ ਚੱਲ ਕੇ ਲੋਕਾਂ ਦੇ ਘਰ ਪਹੁੰਚਦਾ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਲੋਕਾਂ ਦਾ ਦਫ਼ਤਰਾਂ ਵਿਚ ਆਉਣ ਜਾਣ ਦਾ ਸਮਾਂ ਬਚਦਾ ਹੈ ਅਤੇ ਉਹ ਆਪਣੀ ਸੁਵਿਧਾ ਅਨੁਸਾਰ ਸਰਕਾਰੀ ਨੁੰਮਾਇੰਦੇ ਨੂੰ ਘਰ ਬੁਲਾ ਸਕਦੇ ਹਨ। ਜਿੱਥੇ ਸਰਕਾਰੀ ਨੁੰਮਾਇੰਦਾ ਨਾਗਰਿਕ ਦੇ ਘਰ ਆ ਕੇ ਉਸਦੀ ਅਰਜੀ ਲੈਂਦਾ ਹੈ, ਫੋਟੋ ਅਤੇ ਹੋਰ ਦਸਤਾਵੇਜ ਪ੍ਰਾਪਤ ਕਰਦਾ ਹੈ ਅਤੇ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਵੀ ਘਰ ਪਹੁੰਚਾਉਂਦਾ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਇਸ ਤਹਿਤ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਹਲਫੀਆਂ ਬਿਆਨ, ਭਾਰ ਰਹਿਤ ਸਰਟੀਫਿਕੇਟ, ਜਮਾਂਬੰਦੀ ਕਢਵਾਉਣ ਸਬੰਧੀ, ਜਮੀਨ ਦੀ ਨਿਸ਼ਾਨਦੇਹੀ, ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਐਸ ਸੀ, ਬੀਸੀ ਸਰਟੀਫਿਕੇਟ ਆਦਿ ਵਰਗੀਆਂ ਕੁੱਲ 43 ਸੇਵਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਸੇਵਾ ਕੇਂਦਰ ਤੇ ਲੱਗਣ ਵਾਲੀ ਫੀਸ ਤੋਂ ਇਲਾਵਾ 120 ਰੁਪਏ ਦੀ ਪ੍ਰਤੀ ਸਰਵਿਸ ਵਿਜਿਟ ਫੀਸ ਅਲਗ ਤੋਂ ਲਾਗੂ ਹੈ। ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਸ੍ਰੀ ਬਹਿਲ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਲੋਕ ਲਗਭਗ 100 ਸਰਕਾਰੀ ਸੇਵਾਵਾਂ ਲਈ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ https://connect.punjab.gov.in/ ‘ਤੇ ਵੀ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਲਈ ਲੋਕ ਐਮ ਸੇਵਾ ਮੋਬਾਇਲ ਐਪ ਵੀ ਡਾਊਨਲੋਡ ਕਰ ਸਕਦੇ ਹਨ। ਪਰ ਇਸ ਤਰੀਕੇ ਨਾਲ ਅਪਲਾਈ ਕਰਨ ਸਮੇਂ ਨਾਗਰਿਕ ਆਪਣਾ ਯੂਜਰ ਨੇਮ ਅਤੇ ਪਾਸਵਰਡ ਯਾਦ ਰੱਖਣ ਅਤੇ ਸਾਰੇ ਦਸਤਾਵੇਜ ਅਪਲੋਡ ਕਰਨ ਅਤੇ ਅਪਲਾਈ ਕਰਨ ਤੋਂ ਬਾਅਦ ਸਮੇਂ ਸਮੇਂ ਤੇ ਆਪਣਾ ਅਕਾਉਂਟ ਚੈਕ ਕਰਦੇ ਰਹਿਣ। ਇਸ ਤਹਿਤ ਵੀ ਸਰਟੀਫਿਕੇਟ ਬਣ ਜਾਣ ਤੇ ਨਾਗਰਿਕ ਨੂੰ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ।

Exit mobile version