ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਰਮਨ ਬਹਿਲ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
354 ਮਰੀਜ਼ਾਂ ਦੀ ਕੀਤੀ ਗਈ ਸਿਹਤ ਜਾਂਚ
ਗੁਰਦਾਸਪੁਰ, 28 ਜੁਲਾਈ 2024 (ਦੀ ਪੰਜਾਬ ਵਾਇਰ)। ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸਿਟੀ ਬ੍ਰਾਂਚ ਅਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਇਕ ਰੋਜ਼ਾ ਮੁਫਤ ਮਲਟੀਸਪੈਸ਼ਲਿਟੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਜਦੋਂ ਕਿ ਜਗਦੀਸ਼ ਅਰੋੜਾ ਅਤੇ ਬਿਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁੱਦੇਦਾਰਾਂ ਵੱਲੋਂ ਦੀਪ ਜਗਾ ਕੇ ਕੀਤੀ ਗਈ।
ਇਸ ਮੌਕੇ ਤੇ ਪ੍ਰਧਾਨ ਰਾਜੇਸ਼ ਸਲਹੋਤਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਜਦਕਿ ਬਿਕਰਮਜੀਤ ਸਿੰਘ ਨੇ ਹਸਪਤਾਲ ਤੋਂ ਕੈਂਪ ਵਿੱਚ ਸ਼ਾਮਲ ਡਾਕਟਰਾਂ ਬਾਰੇ ਦੱਸਿਆ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਜਗਦੀਸ਼ ਅਰੋੜਾ ਨੇ ਅੱਜ ਦੇ ਇਸ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਰਮਨ ਬਹਿਲ ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅੱਜ ਦੇ ਪ੍ਰੋਗਰਾਮ ਲਈ ਸਾਰਿਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਕਾਰਜ ਕਰਦੇ ਰਹਿਣਗੇ। ਇਸ ਕੈਂਪ ਵਿੱਚ ਜਨਰਲ ਮੈਡੀਸਨ, ਪੇਟ ਅਤੇ ਲਿਵਰ, ਨਿਊਰੋ, ਆਰਥੋ, ਕੈਂਸਰ ਸਪੈਸ਼ਲਿਸਟ ਆਦਿ ਦੇ ਡਾਕਟਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਲੋਕ ਭਲਾਈ ਦੇ ਐਸੇ ਕੈਂਪ ਲਗਦੇ ਰਹਿਣੇ ਚਾਹਿਦੇ ਹਨ।
ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸਮੂਹ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਹਸਪਤਾਲ ਵੱਲੋਂ ਪ੍ਰੀਸ਼ਦ ਦੇ ਅਹੁੱਦੇਦਾਰਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ। ਇਸ ਕੈਂਪ ਵਿੱਚ 354 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ