ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਅਧਿਆਪਕ ਵੱਲੋਂ ਬੱਚਿਆਂ ਨੂੰ ਕੁੱਟਣ ਦੇ ਮਾਮਲੇ ‘ਚ ਲਿਆ ਸੂ-ਮੋਟੋ ਨੋਟਿਸ

ਐਸਐਸਪੀ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ, 30 ਜੁਲਾਈ ਤੱਕ ਮੰਗੀ ਰਿਪੋਰਟ

ਚੰਡੀਗੜ੍ਹ, 28 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਮੀਡੀਆ ਵਿੱਚ ਆਈਆਂ ਖਬਰਾਂ ਜਿਨ੍ਹਾਂ ਵਿਚ ਫਿਲੋਰ ਦੇ ਪਿੰਡ ਲਸਾੜਾ ਦੇ ਪ੍ਰਾਈਮਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਬੱਚਿਆਂ ਨੂੰ ਹੋਮਵਰਕ ਨਾ ਕਰਨ ਕਰਕੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਬਾਰੇ ਲਿਖਿਆ ਗਿਆ ਹੈ, ਦਾ ਸੂ ਮੋਟੋ ਨੋਟਿਸ ਲੈਂਦਿਆਂ ਸੀਨੀਅਰ ਪੁਲਿਸ ਕਪਤਾਨ, ਜਲ਼ੰਧਰ (ਦਿਹਾਤੀ) ਨੂੰ ਪੱਤਰ ਲਿਖ ਕੇ ਰੂਲਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ । ਇਸ ਤੋਂ ਇਲਾਵਾ ਪੱਤਰ ਵਿੱਚ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਰਿਪੋਰਟ 30 ਜੁਲਾਈ 2024 ਤੱਕ ਦੇਣ ਲਈ ਲਿਖਿਆ ਕਿਹਾ ਗਿਆ ਹੈ।

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਮੀਡੀਆ ਵਿੱਚ ਦੀਆਂ ਖਬਰਾਂ ਅਨੁਸਾਰ ਫਿਲੌਰ ਦੇ ਨਜ਼ਦੀਕੀ ਪਿੰਡ ਲਸਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਬੱਚਿਆਂ ਵੱਲੋਂ ਹੋਮਵਰਕ ਪੂਰਾ ਨਾ ਕਰਨ ‘ਤੇ ਉਥੋਂ ਦੇ ਅਧਿਆਪਕ ਨੇ ਬੱਚਿਆਂ ਨੂੰ ਥੱਪੜ ਮਾਰੇ ਅਤੇ ਡੰਡਿਆਂ ਨਾਲ ਕੁੱਟਿਆ। ਇਸ ਘਟਨਾ ਵਿੱਚ 8 ਸਾਲ ਦੇ ਬੱਚੇ ਅਤੇ 10 ਸਾਲ ਦੇ ਬੱਚੇ ਸ਼ਾਮਲ ਹਨ।

ਚੇਅਰਮੈਨ ਨੇ ਅੱਗੇ ਦੱਸਿਆ ਕਿ ਇਸ ਘਟਨਾ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਖਬਰਾਂ ਦੇ ਆਧਾਰ ਤੇ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੂੰ ਮਾਮਲੇ ਦੀ ਛਾਣਬੀੜ ਕਰਕੇ ਰਿਪੋਰਟ 30 ਜੁਲਾਈ ਤੱਕ ਪੇਸ਼ ਕਰਨ ਲਈ ਲਿਖਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਰਿਪੋਰਟ ਪ੍ਰਾਪਤ ਹੋਣ ਤੇ ਰੂਲਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version