ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕਾਹਨੂੰਵਾਨ ਛੰਭ ਵਿੱਚ ਸੁੱਟੇ ਜਾਂਦੇ ਕੂੜੇ ਦਾ ਮਸਲਾ ਹੱਲ ਹੋਇਆ

ਨਗਰ ਕੌਂਸਲ ਗੁਰਦਾਸਪੁਰ ਵੱਲੋਂ ਹੁਣ ਪਿੰਡ ਚੋਪੜਾ ਨਜ਼ਦੀਕ ਕਾਹਨੂੰਵਾਨ ਛੰਭ ਵਿੱਚ ਨਹੀਂ ਸੁੱਟਿਆ ਜਾਵੇਗਾ ਕੂੜਾ

ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕੂੜਾ ਪ੍ਰਬੰਧਨ ਦੇ ਕੀਤੇ ਜਾਣਗੇ ਬਦਲਵੇਂ ਪ੍ਰਬੰਧ

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਹਨੂੰਵਾਨ ਛੰਭ ਵਿੱਚ ਬਣੇ ਕੂੜੇ ਦਾ ਡੰਪ ਦਾ ਦੌਰਾ

ਕਾਹਨੂੰਵਾਨ/ਗੁਰਦਾਸਪੁਰ, 20 ਜੁਲਾਈ 2024 (ਦੀ ਪੰਜਾਬ ਵਾਇਰ )। ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕਾਹਨੂੰਵਾਨ ਛੰਭ ਵਿੱਚ ਸੁੱਟੇ ਜਾਂਦੇ ਕੂੜੇ ਦਾ ਮਸਲਾ ਹੱਲ ਹੋ ਗਿਆ ਹੈ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਉਹ ਕਾਹਨੂੰਵਾਨ ਛੰਭ ਵਿੱਚ ਕੂੜਾ ਨਹੀਂ ਸੁੱਟਣਗੇ।

ਬੀਤੇ ਕੁਝ ਦਿਨਾਂ ਤੋਂ ਪਿੰਡ ਚੋਪੜਾ ਅਤੇ ਇਲਾਕੇ ਦੇ ਲੋਕਾਂ ਨੇ ਕਾਹਨੂੰਵਾਨ ਛੰਭ ਬਚਾਓ ਮੰਚ ਦੇ ਜਰੀਏ ਮੋਰਚਾ ਲਗਾਇਆ ਹੋਇਆ ਸੀ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਿੰਡ ਚੋਪੜਾ ਦੀ ਪੰਚਾਇਤੀ ਜ਼ਮੀਨ ਵਿੱਚ ਸੁੱਟਿਆ ਜਾਂਦਾ ਕੂੜਾ ਬੰਦ ਕੀਤਾ ਜਾਵੇ ਅਤੇ ਕੂੜੇ ਦੇ ਡੰਪ ਨੂੰ ਖ਼ਤਮ ਕੀਤਾ ਜਾਵੇ। ਇਸ ਸਬੰਧੀ ਇਲਾਕੇ ਦੀਆਂ ਕੁਝ ਪੰਚਾਇਤਾਂ ਨੇ ਮਤੇ ਪਾ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭੇਜੇ ਸਨ ਕਿ ਉਹ ਆਪਣਾ ਦਖ਼ਲ ਦੇ ਕੇ ਇਸ ਮਸਲੇ ਨੂੰ ਹੱਲ ਕਰਵਾਉਣ।

ਇਲਾਕੇ ਦੇ ਲੋਕਾਂ ਦੀ ਮੰਗ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਾਰੇ ਮਸਲੇ ਦੀ ਜਾਣਕਾਰੀ ਹਾਸਲ ਕੀਤੀ।

ਮੀਟਿੰਗ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਹਨ ਕਿ ਛੰਭ ਵਰਗੇ ਕਿਸੇ ਵੀ ਕੁਦਰਤੀ ਸਰੋਤ ਨੂੰ ਕੂੜੇ ਦੇ ਡੰਪ ਬਣਾ ਕੇ ਗੰਦਲਾ ਨਹੀਂ ਕੀਤਾ ਜਾ ਸਕਦਾ, ਬਲਕਿ ਕੂੜੇ ਦੇ ਨਿਪਟਾਰੇ ਲਈ ਨਿਰਧਾਰਿਤ ਵਿਗਿਆਨਿਕ ਵਿਧੀ-ਵਿਧਾਨ ਅਪਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਹਨੂੰਵਾਨ ਛੰਭ ਜਿੱਥੇ 18ਵੀਂ ਸਦੀ ਵਿੱਚ ਛੋਟਾ ਘੱਲੂਘਾਰਾ ਵਾਪਰਿਆ ਸੀ ਅਤੇ ਹਜ਼ਾਰਾਂ ਸਿੰਘ-ਸਿੰਘਣੀਆਂ ਸ਼ਹੀਦ ਹੋਏ ਸਨ, ਉਸ ਪਾਵਨ ਧਰਤੀ ਉੱਪਰ ਕੂੜਾ ਸੁੱਟਣਾ ਬੰਦ ਕੀਤਾ ਜਾਵੇ। ਇਸ ਉੱਪਰ ਨਗਰ ਨਗਰ ਕੌਂਸਲ ਦੇ ਈ.ਓ. ਭੁਪਿੰਦਰ ਸਿੰਘ ਦਾਲਮ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਅੱਜ ਤੋਂ ਬਾਅਦ ਪਿੰਡ ਚੋਪੜਾ ਵਿਖੇ ਡੰਪ ਉੱਪਰ ਕੂੜਾ ਨਹੀਂ ਸੁੱਟਿਆ ਜਾਵੇਗਾ ਅਤੇ ਓਥੇ ਬਣੇ ਕੂੜੇ ਦੇ ਡੰਪ ਨੂੰ ਵੀ ਸੈਗਰੀਗੇਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਨਗਰ ਕੌਂਸਲ ਵੱਲੋਂ ਜਗ੍ਹਾ ਦੇ ਬਦਲਵੇਂ ਪ੍ਰਬੰਧ ਕਰ ਲਏ ਜਾਣਗੇ।

ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਚੋਪੜਾ ਵਿਖੇ ਕੂੜਾ ਡੰਪ ਦਾ ਦੌਰਾ ਕੀਤਾ ਅਤੇ ਨਜ਼ਦੀਕ ਹੀ ਪਿੰਡ ਤੇ ਇਲਾਕਾ ਨਿਵਾਸੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਛੰਭ ਵਿੱਚ ਕੂੜਾ ਨਹੀਂ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਵੱਛ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਕਾਹਨੂੰਵਾਨ ਛੰਭ ਵਿੱਚ ਅੱਗੇ ਤੋਂ ਕੂੜਾ ਨਾ ਸੁੱਟਣ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੂੜੇ ਦਾ ਪ੍ਰਬੰਧਨ ਕਰਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਸੁਚੇਤ ਹੋਣ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਚੇਤਨਾ ਸਦਕਾ ਹੀ ਅਸੀਂ ਆਪਣੀਆਂ ਨਦੀਆਂ, ਦਰਿਆਵਾਂ, ਛੰਭਾਂ ਸਮੇਤ ਕੁਦਰਤੀ ਸਰੋਤਾਂ ਨੂੰ ਗੰਦਲਾ ਹੋਣ ਤੋਂ ਬਚਾ ਸਕਦੇ ਹਾਂ।

ਇਸ ਮੌਕੇ ਕਾਹਨੂੰਵਾਨ ਛੰਭ ਬਚਾਓ ਮੰਚ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦਾਸਪੁਰ ਹਿਰਦੇਪਾਲ ਸਿੰਘ, ਨਾਇਬ ਤਹਿਸੀਲਦਾਰ ਕਾਹਨੂੰਵਾਨ ਕੁਲਵਿੰਦਰ ਸਿੰਘ, ਗਿਰਦਾਵਰ ਸਤਿੰਦਰ ਸਿੰਘ ਕਾਹਨੂੰਵਾਨ, ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ, ਗੁਰਮਤਿ ਲੋਕ ਧਾਰਾ ਦੇ ਆਗੂ ਵਰਿੰਦਰਜੀਤ ਸਿੰਘ ਜਾਗੋਵਾਲ, ਜਸਪਾਲ ਸਿੰਘ ਭਿੱਟੇਵੱਡ, ਜਸਬੀਰ ਸਿੰਘ ਬਾਜਵਾ, ਲਖਵਿੰਦਰ ਸਿੰਘ ਜਾਗੋਵਾਲ, ਸਰਪੰਚ ਸਰਬਜੀਤ ਸਿੰਘ, ਅਮਰਜੀਤ ਸਿੰਘ ਰਾਣਾ, ਸੁਖਵੰਤ ਸਿੰਘ ਕਿਸਾਨ ਆਗੂ ਸਠਿਆਲੀ, ਹੁਸ਼ਨਾਕ ਸਿੰਘ ਸਠਿਆਲੀ, ਗੁਰਮੇਜ ਸਿੰਘ ਸਠਿਆਲੀ ,ਬਲਜੀਤ ਸਿੰਘ ਕੋਟਲੀ ਸੈਣੀਆਂ, ਬਚਿੱਤਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਸਤਨਾਮ ਸਿੰਘ ਚੋਪੜਾ, ਬਲਵਿੰਦਰ ਸਿੰਘ ਮੰਗਾ ਅਤੇ ਕਸ਼ਮੀਰ ਸਿੰਘ, ਕੁਲਜੀਤ ਸਿੰਘ ਬਹਿਰਾਮਪੁਰ, ਕਾਲਾ ਸਿੰਘ ਈਸੇਪੁਰ ਆਦਿ ਹਾਜ਼ਰ ਸਨ।

Exit mobile version