ਮਕਾਨ ਬਣਾਉਣ ਦੀ ਬਜਾਏ ਕੰਮਾ ਨੂੰ ਵਿਕਾਸ ਕਾਰਜ ਦਿਖਾ ਕੇ ਕੀਤਾ ਫੰਡਾ ਦਾ ਗਬਨ: ਨਗਰ ਕੌਂਸਲ ਦੇ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਮਕਾਨ ਉਸਾਰੀ ਘੁਟਾਲੇ ਚ 1,84,45,551 ਰੁਪਏ ਦੇ ਗਬਨ ਦਾ ਵਿਜੀਲੈਂਸ ਵੱਲੋਂ ਕੇਸ ਦਰਜ

ਚੰਡੀਗੜ੍ਹ, 19 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਨਗਰ ਕੌਂਸਲ ਨਾਭਾ ਦੇ ਅਧਿਕਾਰੀਆਂ ਅਤੇ ਇੱਕ ਠੇਕੇਦਾਰ ਵਿਰੁੱਧ, ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ (ਪੀਐਮਐਸਏਵਾਈ) ਤਹਿਤ ਪ੍ਰਾਪਤ ਹੋਏ 1, 84,45,551 ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਜਾਂਚ ਦੌਰਾਨ ਇਹ ਪਾਇਆ ਕਿ ਸਾਲ 2018 ਵਿੱਚ ਨਗਰ ਕੌਂਸਲ ਨਾਭਾ ਨੂੰ ਹਾਊਸ ਫਾਰ ਆਲ ਸਕੀਮ (ਪੀ.ਐਮ.ਐਸ.ਏ.ਵਾਈ.) ਤਹਿਤ ਫੰਡ ਪ੍ਰਾਪਤ ਹੋਏ ਸਨ, ਪਰ ਮੁਲਜ਼ਮਾਂ ਨੇ ਮਿਤੀ 01.11.2018 ਤੋਂ 06.11.2018 ਤੱਕ 6 ਦਿਨਾਂ ਦੇ ਅੰਦਰ ਹੀ ਵਿਕਾਸ ਕਾਰਜਾਂ ਦੇ ਫਰਜ਼ੀ ਬਿੱਲ ਤਿਆਰ ਕਰਕੇ 1,84,45,551 ਰੁਪਏ ਦਾ ਗਬਨ ਕੀਤਾ।

ਬੁਲਾਰੇ ਨੇ ਅੱਗੇ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਉਕਤ ਰਾਸ਼ੀ ਨਾਲ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ, ਸਗੋਂ ਅਧਿਕਾਰੀਆਂ ਨੇ ਠੇਕੇਦਾਰ ਨਾਲ ਗੰਢ-ਤੁਪ ਕਰਕੇ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਮਕਾਨ ਬਣਾਉਣ ਦੀ ਬਜਾਏ ਕੰਮਾਂ ਨੂੰ ਵਿਕਾਸ ਕਾਰਜ ਦਿਖਾ ਕੇ ਫੰਡਾਂ ਦਾ ਗਬਨ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਵਿਜੀਲੈਂਸ ਨੇ ਐਫਆਈਆਰ ਨੰ. 32, ਮਿਤੀ 18.7.2024 ਨੂੰ ਆਈ.ਪੀ.ਸੀ. ਦੀ ਧਾਰਾ 406, 420, 409, 465, 467, 468, 471, 120-ਬੀ ਤਹਿਤ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਏ) ਸਮੇਤ 13(2) ਅਧੀਨ ਪੁਲਿਸ ਥਾਣਾ ਪਟਿਆਲਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

FacebookTwitterEmailWhatsAppTelegramShare
Exit mobile version