ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ 500 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ – ਚੇਅਰਮੈਨ ਰਮਨ ਬਹਿਲ

ਸੂਬੇ ਵਿਚਲੇ 829 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤਕ ਕਰੀਬ 1.5 ਕਰੋੜ ਲੋਕਾਂ ਨੇ ਆਪਣਾ ਇਲਾਜ ਮੁਫ਼ਤ ਕਰਵਾਇਆ

ਗੁਰਦਾਸਪੁਰ, 12 ਜੁਲਾਈ 2024 (ਦੀ ਪੰਜਾਬ ਵਾਇਰ )। ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਖੇਤਰ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ, ਜਿਸ ਤਹਿਤ ਸਿਹਤ ਵਿਭਾਗ ਵਿੱਚ ਬਹੁਤ ਜਲਦ ਕਰੀਬ 500 ਡਾਕਟਰਾਂ ਦੀ ਭਰਤੀ ਬਹੁਤ ਜਲਦੀ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ 500 ਨਵੇਂ ਡਾਕਟਰ ਭਰਤੀ ਹੋਣ ਨਾਲ ਸਿਹਤ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਨੂੰ ਹੋਰ ਬਿਹਤਰ ਢੰਗ ਨਾਲ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਕਰਨ ਦੇ ਨਾਲ ਮਾਹਿਰ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਵੀ ਕੀਤੀ ਜਾ ਰਹੀ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਵੀ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਦੇਣ ਵਿੱਚ ਅਹਿਮ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 829 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤਕ ਕਰੀਬ 1.5 ਕਰੋੜ ਲੋਕ ਆਪਣਾ ਇਲਾਜ ਮੁਫ਼ਤ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ ਸਾਬਤ ਹੋ ਰਹੇ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਵੀ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਕਾਰਜ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਕੋਈ ਅਜਿਹਾ ਵਿਅਕਤੀ ਆਉਂਦਾ ਹੈ, ਜਿਹੜਾ ਨਸ਼ਿਆਂ ਤੋਂ ਪੀੜਤ ਹੈ ਤਾਂ ਉਸ ਨੂੰ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਵਿੱਚ ਲਿਆਂਦਾ ਜਾਵੇ, ਉੱਥੇ ਨਸ਼ਾ ਪੀੜਤ ਦਾ ਨਸ਼ਾ ਵੀ ਛੁਡਾਇਆ ਜਾਵੇਗਾ ਤੇ ਨਾਲ ਹੀ ਉਸ ਨੂੰ ਕੋਈ ਨਾ ਕੋਈ ਹੁਨਰ ਸਿਖਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾਵੇਗਾ ਅਤੇ ਲੋਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਰੁਜ਼ਗਾਰ ਵੀ ਸ਼ੁਰੂ ਕਰਵਾਇਆ ਜਾਵੇਗਾ।

Exit mobile version