ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 4 ਜੁਲਾਈ ਤੋਂ 30 ਸਤੰਬਰ 2024 ਤੱਕ ਚੱਲਣਗੀਆਂ

ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ 4 ਜੁਲਾਈ ਅਤੇ ਕਲਾਨੌਰ ਸਕੂਲ ਵਿਖੇ 5 ਜੁਲਾਈ ਨੂੰ ਸੰਪੂਰਨਤਾ ਅਭਿਆਨ ਸੰਮੇਲਨ ਦੀ ਹੋਵੇਗੀ ਸ਼ੁਰੂਆਤ

ਗੁਰਦਾਸਪੁਰ, 02 ਜੁਲਾਈ 2024 (ਦੀ ਪੰਜਾਬ ਵਾਇਰ ) । ਨੀਤੀ ਆਯੋਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਵੱਖ-ਵੱਖ ਖ਼ਾਸ ਖੇਤਰਾਂ ਵਿੱਚ ਅੱਗੇ ਲਿਜਾਣ ਲਈ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਡੇਰਾ ਬਾਬਾ ਨਾਨਕ ਨੂੰ ਐਸਪੀਰੇਸ਼ਨਲ ਬਲਾਕ ਘੋਸ਼ਿਤ ਕੀਤਾ ਗਿਆ ਹੈ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਦਾ ਸੰਪੂਰਨਤਾ ਅਭਿਆਨ ਤਹਿਤ 4 ਜੁਲਾਈ ਤੋਂ ਲੈ ਕੇ 30 ਸਤੰਬਰ 2024 ਤੱਕ ਚਲਾਇਆ ਜਾ ਰਿਹਾ ਹੈ। ਜਿਹੜੇ 6 ਪਹਿਲੂਆਂ ਦੇ ਟੀਚਿਆਂ ਨੂੰ ਸੌ ਫ਼ੀਸਦੀ ਪੂਰਾ ਕਰਨ ਲਈ ਇਸ ਮੁਹਿੰਮ ਤਹਿਤ ਜ਼ੋਰ ਦਿੱਤਾ ਜਾਵੇਗਾ ਉਨ੍ਹਾਂ ਵਿੱਚ ਸਿਹਤ,  ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਕਾਰਜ ਸ਼ਾਮਲ ਹਨ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਕੁਮਾਰ ਨੇ ਸੰਪੂਰਨਤਾ ਅਭਿਆਨ ਸੰਮੇਲਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਇਸ ਦਾ ਉਦਘਾਟਨੀ ਪ੍ਰੋਗਰਾਮ 4 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਡੇਰਾ ਬਾਬਾ ਨਾਨਕ ਅਤੇ 5 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਲਾਨੌਰ ਵਿਖੇ ਆਯੋਜਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਵਿਖੇ ਸੰਪੂਰਨਤਾ ਅਭਿਆਨ ਦਾ ਉਦਘਾਟਨ ਸਵੇਰੇ 10:00 ਵਜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਕਰਨਗੇ। ਇਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵੱਲੋਂ ਸੰਪੂਰਨਤਾ ਯਾਤਰਾ ਕੱਢੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਦੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਸਿਹਤ ਵਿਭਾਗ ਵੱਲੋਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਮੁਫ਼ਤ ਹੈਲਥ ਕੈਂਪ ਲਗਾਇਆ ਜਾਵੇਗਾ ਅਤੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫ਼ਲਿਟ ਵੰਡੇ ਜਾਣਗੇ। ਹੈਲਥੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਡਾਈਟ ਕਾਊਂਸਲਿੰਗ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਦੇ ਸੈਂਪਲ ਲਏ ਜਾਣਗੇ ਅਤੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰ ਬਾਰੇ ਦੱਸਿਆ ਜਾਵੇਗਾ। ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਆਮਦਨ ਵਧਾਉਣ ਦੇ ਨੁਕਤਿਆਂ ਬਾਰੇ ਦੱਸਿਆ ਜਾਵੇਗਾ।

ਜ਼ਿਕਰਯੋਗ ਹੈ ਕਿ  ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ।

FacebookTwitterEmailWhatsAppTelegramShare
Exit mobile version