ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਪੰਜਾਬੀ ਵਿੱਚ ਚੁੱਕੀ ਸਹੁੰ, ‘ਇਨਕਲਾਬ ਜ਼ਿੰਦਾਬਾਦ’, ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਕੀਤਾ ਬੁਲੰਦ

ਨਵੀਂ ਦਿੱਲੀ, 25 ਜੂਨ 2024 (ਦੀ ਪੰਜਾਬ ਵਾਇਰ)। ਸੰਗਰੂਰ ਸੰਸਦੀ ਹਲਕੇ ਤੋਂ ਚੁਣੇ ਗਏ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੰਸਦ ਵਿੱਚ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਮੌਕੇ ਸੰਸਦ ਭਵਨ ਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਪਤਨੀ ਵੀ ਹਾਜ਼ਰ ਸਨ।

ਮੀਤ ਹੇਅਰ ਨੇ ਪੰਜਾਬੀ ਮਾਂ ਬੋਲੀ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਮੀਤ ਹੇਅਰ ਨੇ ਦੇਸ਼ ਦੇ ਆਜ਼ਾਦੀ ਘੁਲਾਟੀਆ, ਕਿਸਾਨਾਂ ਅਤੇ ਜਵਾਨਾਂ ਨੂੰ ਸਿਜਦਾ ਕਰਦਿਆਂ ‘ਇਨਕਲਾਬ ਜ਼ਿੰਦਾਬਾਦ’, ਤੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਵੀ ਬੁਲੰਦ ਕੀਤਾ।

35 ਵਰ੍ਹਿਆਂ ਦੇ ਮੀਤ ਹੇਅਰ ਨੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤੇ ਸਨ। ਇਹ ਉਨ੍ਹਾਂ ਦੀ ਪਹਿਲੀ ਲੋਕ ਸਭਾ ਚੋਣ ਸੀ। ਇਸ ਤੋਂ ਪਹਿਲਾਂ ਉਹ 2017 ਤੇ 2022 ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸਾਲ 2022 ਤੋਂ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਮੀਤ ਹੇਅਰ ਦਾ ਜੱਦੀ ਪਿੰਡ ਬਰਨਾਲਾ ਜ਼ਿਲੇ ਦੇ ਮਹਿਲ ਕਲਾਂ ਹਲਕੇ ਦਾ ਕੁਰੜ (ਛਾਪਾ) ਹੈ ਅਤੇ ਉਹ ਬਰਨਾਲਾ ਸ਼ਹਿਰੀ ਦਾ ਪੱਕਾ ਵਸਨੀਕ ਹੈ। ਬਰਨਾਲਾ ਤੋਂ ਸਕੂਲੀ ਪੜ੍ਹਾਈ ਕਰਨ ਉਪਰੰਤ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਨੂੜ ਤੋਂ ਮੈਕਨੀਕਲ ਇੰਜਨੀਅਰਿੰਗ ਦੀ ਡਿਗਰੀ ਪਾਸ ਮੀਤ ਹੇਅਰ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਸਨ ਜਦੋਂ ਉਹ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਵੱਲੋਂ ਚਲਾਏ ਜਾ ਰਹੇ ਅੰਦੋਲਨ ਨਾਲ ਜੁੜ ਗਏ ਅਤੇ ਫੇਰ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਬਣ ਗਏ। ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵੀ ਪ੍ਰਧਾਨ ਰਹੇ।

ਕੈਬਨਿਟ ਮੰਤਰੀ ਵਜੋਂ ਖੇਡਾਂ ਤੇ ਯੁਵਕ ਸੇਵਾਵਾਂ, ਜਲ ਸਰੋਤ, ਖਣਨ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸਕੂਲ ਸਿੱਖਿਆ, ਪ੍ਰਸ਼ਾਸਕੀ ਸੁਧਾਰ, ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਮੀਤ ਹੇਅਰ ਕਿ੍ਰਕਟ ਤੇ ਬੈਡਮਿੰਟਨ ਦੇ ਚੰਗੇ ਖਿਡਾਰੀ ਵੀ ਹਨ। ਉਨ੍ਹਾਂ ਦੀ ਵਾਤਾਵਰਣ ਸੰਭਾਲ ਦੇ ਸਮਾਜਿਕ ਕੰਮਾਂ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਅਤੇ ਪਾਲਤੂ ਜਾਨਵਰ ਰੱਖਣ ਵਿੱਚ ਬਹੁਤ ਰੁੱਚੀ ਹੈ।

FacebookTwitterEmailWhatsAppTelegramShare
Exit mobile version