ਬਿਰਦ ਆਸ਼ਰਮ ਗੁਰਦਾਸਪੁਰ ਵਿਖੇ ਕੌਮਾਂਤਰੀ ਯੋਗ ਦਿਵਸ ਮੌਕੇ ਵਿਸ਼ੇਸ਼ ਯੋਗ ਕੈਂਪ ਲਗਾਇਆ

ਗੁਰਦਾਸਪੁਰ, 21 ਜੂਨ 2024 (ਦੀ ਪੰਜਾਬ ਵਾਇਰ ) । 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਸਰਕਾਰੀ ਬਿਰਦ ਆਸ਼ਰਮ ਗੁਰਦਾਸਪੁਰ ਵਿਖੇ ਵਿਸ਼ੇਸ਼ ਯੋਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੋਗਾ ਦੇ ਟਰੇਨਰ ਮਨਦੀਪ ਸਿੰਘ, ਰਮਨਦੀਪ ਕੌਰ ਅਤੇ ਅਮਨਦੀਪ ਕੌਰ, ਲਵਪ੍ਰੀਤ ਸਿੰਘ ਨੇ ਬਿਰਦ ਆਸ਼ਰਮ ਦੇ ਬਜ਼ੁਰਗਾਂ ਨੂੰ ਯੋਗ ਕੈਂਪ ਵਿੱਚ ਯੋਗ ਦੇ ਵੱਖ-ਵੱਖ ਆਸਣ ਕਰਵਾਏ।

ਯੋਗ ਟਰੇਨਰ ਮਨਦੀਪ ਸਿੰਘ ਨੇ ਕਿਹਾ ਕਿ ਯੋਗ ਸਾਡੇ ਦੇਸ਼ ਦੀ ਉਹ ਅਮੀਰ ਸੰਸਕ੍ਰਿਤੀ ਹੈ ਜੋ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੈ। ਉਨ੍ਹਾਂ ਕਿਹਾ ਕਿ ਯੋਗ ਰਾਹੀਂ ਰੋਗਾਂ ਨੂੰ ਭਜਾਇਆ ਜਾ ਸਕਦਾ ਹੈ ਅਤੇ ਰੋਜ਼ਾਨਾਂ ਯੋਗ ਆਸਣ ਕਰਨ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਯੋਗ ਦੇ ਲਗਾਤਾਰ ਅਭਿਆਸ ਨਾਲ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਬਿਰਦ ਆਸ਼ਰਮ ਦੇ ਬਜ਼ੁਰਗਾਂ ਨੂੰ ਕਿਹਾ ਕਿ ਉਹ ਯੋਗ ਰੋਜ਼ਾਨਾਂ ਕਰਨ ਜਿਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ।

ਇਸ ਮੌਕੇ ਬਿਰਦ ਆਸ਼ਰਮ ਦੀ ਹੈਲਪ ਏਜ ਇੰਡੀਆ ਵੱਲੋਂ ਸੰਚਾਲਕ ਅਰਪਨਾ ਸ਼ਰਮਾ ਨੇ ਬਜ਼ੁਰਗਾਂ ਨੂੰ 10ਵੇਂ ਕੌਮਾਂਤਰੀ ਯੋਗ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਯੋਗ ਕੈਂਪ ਵਿੱਚ ਬਜ਼ੁਰਗਾਂ ਵੱਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ ਗਿਆ ਹੈ ਅਤੇ ਯੋਗ ਦੇ ਆਸਣਾਂ ਬਾਰੇ ਜਾਣ ਕੇ ਬਜ਼ੁਰਗ ਇਨ੍ਹਾਂ ਦਾ ਲਾਭ ਉਠਾਉਣਗੇ। ਇਸ ਮੌਕੇ ਬਜ਼ੁਰਗਾਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Exit mobile version