ਫ਼ੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਪਾਈ ਜਾ ਸਕਦੀ ਹੈ ਵੋਟ – ਜ਼ਿਲ੍ਹਾ ਚੋਣ ਅਧਿਕਾਰੀ

ਗੁਰਦਾਸਪੁਰ, 30 ਮਈ 2024 (ਦੀ ਪੰਜਾਬ ਵਾਇਰ )। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਦੌਰਾਨ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ 1 ਜੂਨ, 2024 ਨੂੰ ਵੋਟ ਪਾਉਣ ਲਈ ਫ਼ੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਹਿਚਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇਕ ਦਸਤਾਵੇਜ਼ ਵੋਟਰ ਆਪਣੀ ਪਹਿਚਾਣ ਵਜੋਂ ਪੋਲਿੰਗ ਸਟੇਸ਼ਨ ’ਤੇ ਨਾਲ ਲਿਜਾ ਸਕਦਾ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਹ ਵੋਟਰ ਜੋ ਚੋਣ ਫ਼ੋਟੋ ਪਹਿਚਾਣ ਪੱਤਰ ਪੇਸ਼ ਕਰਨ ਦੇ ਯੋਗ ਨਹੀਂ ਹਨ, ਆਪਣੀ ਪਛਾਣ ਸਥਾਪਤ ਕਰਨ ਲਈ 12 ਹੋਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿੰਨਾ ਵੋਟਰਾਂ ਕੋਲ ਚੋਣ ਫ਼ੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਖ਼ਾਨੇ ਦੁਆਰਾ ਜਾਰੀ ਫ਼ੋਟੋ ਸਹਿਤ ਪਾਸ-ਬੁੱਕ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ.ਪੀ.ਆਰ. ਅਧੀਨ ਆਰ.ਜੀ.ਆਈ. ਵੱਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫ਼ੋਟੋ ਸਹਿਤ ਪੈਨਸ਼ਨ ਦਸਤਾਵੇਜ਼, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਐੱਮ.ਪੀ. ਐੱਮ.ਐੱਲ.ਏ. ਨੂੰ ਜਾਰੀ ਪਹਿਚਾਣ ਪੱਤਰ ਅਤੇ ਯੂਨੀਕ ਡਿਸਏਬਿਲਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਕੀਤਾ ਹੋਵੇ, ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।

ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੂਨ ਨੂੰ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ‘ਇਸ ਵਾਰ 70 ਪਾਰ’ ਦਾ ਟੀਚਾ ਹੈ ਅਤੇ ਵੋਟਰਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਵੋਟ ਸਾਡਾ ਹੱਕ ਹੈ ਅਤੇ ਹਰੇਕ ਯੋਗ ਵੋਟਰ ਬਿਨ੍ਹਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਆਪਣੇ ਮਤਦਾਨ ਦੇ ਹੱਕ ਦੀ ਵਰਤੋਂ ਕਰੇ।

FacebookTwitterEmailWhatsAppTelegramShare
Exit mobile version