ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਮਈ ਸ਼ਾਮ 6:00 ਵਜੇ ਤੋਂ 1 ਜੂਨ ਸ਼ਾਮ 6:00 ਵਜੇ ਤੱਕ ਡਰਾਈ ਡੇਅ ਘੋਸ਼ਿਤ

ਵੋਟਾਂ ਦੀ ਗਿਣਤੀ ਵਾਲੇ ਦਿਨ ਮਿਤੀ 04 ਜੂਨ 2024 ਨੂੰ ਵੀ ਰਹੇਗਾ ਡਰਾਈ ਡੇਅ

ਗੁਰਦਾਸਪੁਰ, 29 ਮਈ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ. ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਵੱਲੋਂ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਮਿਤੀ 30 ਮਈ 2024 ਸ਼ਾਮ 6:00 ਵਜੇ ਤੋਂ ਮਿਤੀ 01 ਜੂਨ 2024 ਸ਼ਾਮ 6:00 ਵਜੇ ਤੱਕ 48 ਘੰਟਿਆਂ ਲਈ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਮਿਤੀ 04 ਜੂਨ 2024 ਨੂੰ ਡਰਾਈ ਡੇਅ ਘੋਸ਼ਿਤ ਕਰਦਿਆਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਨੂੰ ਵੇਚਣ ਤੇ ਸਟੋਰ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪੋਲਿੰਗ ਬੂਥਾਂ ‘ਤੇ ਸ਼ਰਾਬ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਪੂਰਨ ਤੌਰ ਤੇ ਮਨਾਹੀ ਹੋਵੇਗੀ। ਇਹ ਮਨਾਹੀ ਦੇ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜ਼ਤ ਹੈ ‘ਤੇ ਵੀ ਪੂਰਨ ਤੌਰ ਤੇ ਲਾਗੂ ਹੋਣਗੇ। ਇਹ ਹੁਕਮ ਸਮੇਂ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਕਤਰਫਾ ਜਾਰੀ ਕਰਕੇ ਆਮ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਹੈ।

Exit mobile version