ਹਲਕੇ ਤੋਂ ਬਾਹਰੀ ਵਿਅਕਤੀ ਮਿਤੀ 30 ਮਈ ਨੂੰ ਸ਼ਾਮ 06.00 ਵਜੇ ਤੋਂ ਪਹਿਲਾਂ-ਪਹਿਲਾਂ ਵਾਪਸ ਚਲੇ ਜਾਣ – ਵਧੀਕ ਜ਼ਿਲ੍ਹਾ ਮੈਜਿਸਟਰੇਟ

ਗੁਰਦਾਸਪੁਰ, 29 ਮਈ 2024 (ਦੀ ਪੰਜਾਬ ਵਾਇਰ )। ਲੋਕ ਸਭਾ ਚੋਣਾਂ-2024 ਜੋ ਕਿ ਮਿਤੀ 01.06.2024 ਨੂੰ ਹੋਣ ਜਾ ਰਹੀਆਂ ਹਨ ਇਹਨਾਂ ਚੋਣਾਂ ਸਬੰਧੀ ਚੋਣ ਪ੍ਰਚਾਰ ਮਿਤੀ 30.05.2024 ਨੂੰ ਸ਼ਾਮ 06.00 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ। ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਚੈਪਟਰ ਨੰਬਰ 8 ਦੇ ਸੈਕਸ਼ਨ 8.2 (8.2.1) ਅਨੁਸਾਰ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹਲਕੇ ਦੇ ਅੰਦਰ ਕੋਈ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਅਤੇ ਹਲਕੇ ਤੋਂ ਬਾਹਰੋਂ ਆਏ ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਉਸ ਹਲਕੇ ਵਿੱਚ ਨਹੀਂ ਹੋਣੀ ਚਾਹੀਦੀ। ਚੋਣ ਪ੍ਰਚਾਰ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਮਾਹੌਲ ਨੂੰ ਖ਼ਰਾਬ ਕਰ ਸਕਦੀ ਹੈ।

ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਚੈਪਟਰ ਨੰਬਰ 8 ਦੇ ਸੈਕਸ਼ਨ 8.2 (8.2.1) ਵਿੱਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਮੀਨਲ ਪ੍ਰੋਸੀਜ਼ਰ ਕੋਡ, 1973 (ਸੀ.ਆਰ.ਪੀ.ਸੀ) ਦੀ ਧਾਰਾ 144 ਅਧੀਨ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ ਕਿ ਹਲਕੇ ਤੋਂ ਬਾਹਰੋਂ ਆਏ, ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰ ਮਿਤੀ 30.05.2024 ਨੂੰ ਸ਼ਾਮ 06.00 ਵਜੇ ਤੋਂ ਪਹਿਲਾਂ-ਪਹਿਲਾਂ ਵਾਪਸ ਚਲੇ ਜਾਣ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਕ੍ਰਿਮੀਨਲ ਪ੍ਰੋਸੀਜ਼ਰ ਕੋਡ, 1973 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ ਮਿਤੀ 04.06.2024 ਤੱਕ ਲਾਗੂ ਰਹੇਗਾ।

Exit mobile version