ਖ਼ਰਾਬ ਵੋਟਿੰਗ ਮਸ਼ੀਨਾਂ ਦੀ ਥਾਂ ਨਵੀਆਂ ਵੋਟਿੰਗ ਮਸ਼ੀਨਾਂ ਦੀ ਅਲਾਟਮੈਂਟ ਕੀਤੀ

ਜਨਰਲ ਅਬਜ਼ਰਵਰ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪ੍ਰੋਸੈੱਸ ਮੁਕੰਮਲ ਹੋਇਆ

ਗੁਰਦਾਸਪੁਰ, 28 ਮਈ 2024 ( ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ-2024 ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਦਿੱਤੀਆਂ ਗਈਆਂ ਵੋਟਿੰਗ ਮਸ਼ੀਨਾਂ ਵਿੱਚ ਜੋ ਮਸ਼ੀਨਾਂ ਖ਼ਰਾਬ ਪਾਈਆਂ ਗਈਆਂ ਸਨ ਉਨ੍ਹਾਂ ਦੀ ਥਾਂ ਅੱਜ ਨਵੀਆਂ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਤਹਿਤ ਅਲਾਟਮੈਂਟ ਕੀਤੀ ਗਈ। ਇਸ ਮੌਕੇ ਜਨਰਲ ਚੋਣ ਅਬਜ਼ਰਵਰ ਸ੍ਰੀ ਕੇ. ਮਹੇਸ਼ ਆਈ.ਏ.ਐੱਸ., ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਆਈ.ਏ.ਐੱਸ., ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਸੋਨੀ, ਤਹਿਸੀਲਦਾਰ ਚੋਣਾਂ ਸ੍ਰੀ ਮਨਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਵੋਟਿੰਗ ਮਸ਼ੀਨਾਂ ਵਿਧਾਨ ਸਭਾ ਹਲਕਿਆਂ ਨੂੰ ਦਿੱਤੀਆਂ ਗਈਆਂ ਸਨ ਉਨ੍ਹਾਂ ਵਿਚੋਂ 12 ਬੈਲਟ ਯੂਨਿਟ, 27 ਕੰਟਰੋਲ ਯੂਨਿਟ ਅਤੇ 52 ਵੀਵੀਪੈਟ ਮਸ਼ੀਨਾਂ ਖ਼ਰਾਬ ਪਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਰਾਬ ਮਸ਼ੀਨਾਂ ਦੀ ਥਾਂ ਅੱਜ ਰੈਂਡੇਮਾਈਜੇਸ਼ਨ ਕਰਕੇ ਦੁੱਗਣੀ ਗਿਣਤੀ ਵਿੱਚ ਇਹ ਨਵੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਅਤੇ ਪੂਰੇ ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

FacebookTwitterEmailWhatsAppTelegramShare
Exit mobile version