ਖਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਖ਼ਰਚ ਕਰਨ ਸਬੰਧੀ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਜਾਣੂ ਕਰਵਾਇਆ

ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਚੋਣ ਖ਼ਰਚੇ ਦੀ ਹੱਦ 95 ਲੱਖ ਰੁਪਏ ਤੱਕ ਮਿਥੀ

ਉਮੀਦਵਾਰਾਂ ਆਪਣੇ ਚੋਣ ਖ਼ਰਚੇ ਨੂੰ ਰੋਜ਼ਾਨਾ ਚੋਣ ਖ਼ਰਚਾ ਰਜਿਸਟਰ ਵਿੱਚ ਦਰਜ ਕਰਨ

ਗੁਰਦਾਸਪੁਰ, 18 ਮਈ 2024 (ਦੀ ਪੰਜਾਬ ਵਾਇਰ )। ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਖਰਚਾ ਕਰਨ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਚੋਣ ਖ਼ਰਚਾ ਅਬਜ਼ਰਵਰ ਸ੍ਰੀ ਹਰਸ਼ਦ ਵੇਂਗੁਲੇਰਕਰ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਤੇ ਸਮੂਹ ਸਹਾਇਕ ਖ਼ਰਚਾ ਅਬਜ਼ਰਵਰ ਵੀ ਹਾਜ਼ਰ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖ਼ਰਚਾ ਅਬਜ਼ਰਵਰ ਸ੍ਰੀ ਹਰਸ਼ਦ ਵੇਂਗੁਲੇਰਕਰ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਲਈ 95 ਲੱਖ ਰੁਪਏ ਤੱਕ ਚੋਣ ਖ਼ਰਚੇ ਦੀ ਹੱਦ ਮਿਥੀ ਗਈ ਹੈ ਅਤੇ ਇਸ ਤੋਂ ਵੱਧ ਚੋਣ ਖ਼ਰਚਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾਮੀਨੇਸ਼ਨ ਭਰਨ ਸਮੇਂ ਰਿਟਰਨਿੰਗ ਅਫ਼ਸਰ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਖ਼ਰਚਾ ਰਜਿਸਟਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਉਮੀਦਵਾਰਾਂ ਵੱਲੋਂ ਰੋਜ਼ਾਨਾ ਆਪਣੇ ਚੋਣ ਖ਼ਰਚ ਨੂੰ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਦਫ਼ਤਰ ਵੱਲੋਂ ਵੀ ਸ਼ੈਡੋ ਰਜਿਸਟਰ ਲਗਾ ਕੇ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਿਤੀ 20, 25 ਅਤੇ 30 ਮਈ ਨੂੰ ਖ਼ਰਚਾ ਅਬਜ਼ਰਵਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਨਤੀਜਾ ਆਉਣ ਦੇ 30 ਦਿਨਾਂ ਦੇ ਅੰਦਰ ਹਰ ਉਮੀਦਵਾਰ ਵੱਲੋਂ ਆਪਣਾ ਚੋਣ ਖ਼ਰਚਾ ਰਜਿਸਟਰ ਚੋਣ ਦਫ਼ਤਰ ਵਿੱਚ ਜਮਾਂ ਕਰਵਾਉਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਉਮੀਦਵਾਰ ਉੱਪਰ ਚੋਣ ਕਮਿਸ਼ਨ ਤਿੰਨ ਲਈ ਚੋਣ ਲੜਨ ‘ਤੇ ਰੋਕ ਲਗਾ ਸਕਦਾ ਹੈ।

ਖ਼ਰਚਾ ਅਬਜ਼ਰਵਰ ਸ੍ਰੀ ਹਰਸ਼ਦ ਵੇਂਗੁਲੇਰਕਰ ਨੇ ਕਿਹਾ ਕਿ ਉਮੀਦਵਾਰ ਚੋਣਾਂ ਨਾਲ ਸਬੰਧਿਤ ਪੈਸੇ ਦਾ ਕੋਈ ਵੀ ਲੈਣ-ਦੇਣ ਚੋਣਾਂ ਸਬੰਧੀ ਖੋਲ੍ਹੇ ਗਏ ਬੈਂਕ ਖਾਤੇ ਵਿਚੋਂ ਹੀ ਕਰਨ। ਉਨ੍ਹਾਂ ਕਿਹਾ ਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਕੋਈ ਅਦਾਇਗੀ ਚੈੱਕ ਜਾਂ ਡਰਾਫ਼ਟ ਰਾਹੀਂ ਹੀ ਕੀਤੀ ਜਾਵੇ।

ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਬਲਕ ਐੱਸ.ਐੱਮ.ਐੱਸ ਤੇ ਵਾਈਸ ਮੈਸੇਜ, ਇਲੈਕਟ੍ਰੋਨਿਕ ਮੀਡੀਆ ਟੀ.ਵੀ. ਤੇ ਕੇਬਲ ਚੈਨਲ, ਜਨਤਕ ਥਾਵਾਂ ‘ਤੇ ਆਡੀਓ-ਵੀਜ਼ੂਅਲ ਰਾਜਨੀਤਿਕ ਮੁਹਿੰਮ, ਇੰਟਰਨੈੱਟ ਅਤੇ ਸੋਸ਼ਲ ਮੀਡੀਆ, ਰੇਡੀਓ, ਈ-ਪੇਪਰ, ਸਿਨੇਮਾ ਹਾਲ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰਬਾਜ਼ੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰਾਂ ਪ੍ਰਿੰਟ ਮੀਡੀਆ ਵਿੱਚ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਕੋਈ ਵੀ ਸਿਆਸੀ ਇਸ਼ਤਿਹਾਰ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਪ ਸਕਦਾ ਹੈ।

ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ, ਈ-ਪੇਪਰ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰ  ਐੱਮ.ਸੀ.ਐੱਮ.ਸੀ. ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਚੋਣ ਪ੍ਰਚਾਰ ਉੱਪਰ ਜੋ ਵੀ ਖ਼ਰਚਾ ਕੀਤਾ ਜਾ ਰਿਹਾ ਹੈ ਉਸਦੀ ਜਾਣਕਾਰੀ ਆਪਣੇ ਚੋਣ ਖ਼ਰਚਾ ਰਜਿਸਟਰ ਵਿੱਚ ਦਰਜ ਕਰਨ ਦੇ ਨਾਲ ਚੋਣ ਦਫ਼ਤਰ ਨੂੰ ਵੀ ਇਸਦੀ ਸੂਚਨਾ ਦਿੱਤੀ ਜਾਵੇ।

FacebookTwitterEmailWhatsAppTelegramShare
Exit mobile version