ਤਿੰਨ ਪਿਸਤੌਲਾਂ ਸਮੇਤ 13 ਜਿੰਦਾ ਕਾਰਤੂਸ ਬਰਾਮਦ; ਮਹਿੰਦਰਾ ਸਕਾਰਪੀਓ ਕਾਰ ਜ਼ਬਤ
ਇਕਬਾਲਪ੍ਰੀਤ ਬੁਚੀ ਦੇ ਕਰੀਬੀ ਸਾਥੀ, ਮੁਲਜ਼ਮ ਗੁਰਵਿੰਦਰ ਸ਼ੇਰਾ ਨੂੰ ਪਹਿਲਾਂ 2022 ਵਿਚ ਮਿੱਥ ਕੇ ਕਤਲ ਦੀ ਸਾਜ਼ਿਸ਼ ਰਚਣ ਲਈ ਕੀਤਾ ਗਿਆ ਸੀ ਗ੍ਰਿਫ਼ਤਾਰ
ਮਾਡਿਊਲ ਮੈਂਬਰ ਪੰਜਾਬ ਵਿੱਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ, 14 ਮਈ 2024 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਵਿਦੇਸ਼ ਅਧਾਰਤ ਮਾਸਟਰ ਮਾਈਂਡ ਇਕਬਾਲਪ੍ਰੀਤ ਸਿੰਘ ਉਰਫ਼ ਬੁਚੀ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ ਸ਼ੇਰਾ ਸਮੇਤ ਚਾਰ ਮਾਡਿਊਲ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜਾਣਕਾਰੀ ਮੁਤਾਬਿਕ ਮੁਲਜ਼ਮ ਗੁਰਵਿੰਦਰ ਸ਼ੇਰਾ, ਜੋ ਇਸ ਵੇਲੇ ਜ਼ਮਾਨਤ ‘ਤੇ ਸੀ, ਨੂੰ ਏਜੀਟੀਐਫ ਨੇ 2022 ਵਿਚ ਇਕਬਾਲਪ੍ਰੀਤ ਬੁਚੀ, ਜਿਸ ਨੇ ਗੁਰਵਿੰਦਰ ਸ਼ੇਰਾ ਨੂੰ ਸੂਬੇ ਵਿਚ ਮਿੱਥ ਕੇ ਕਤਲ ਦੀਆਂ ਵਾਰਤਾਦ ਨੂੰ ਅੰਜਾਮ ਦੇਣ ਲਈ 1.50 ਲੱਖ ਰੁਪਏ ਦਿੱਤੇ ਸਨ, ਦੇ ਨਿਰਦੇਸ਼ਾਂ ‘ਤੇ ਮਿੱਥ ਕੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮਾਡਿਊਲ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਰਣਜੀਤ ਸਿੰਘ ਉਰਫ਼ ਸੋਨੂੰ ਅਤੇ ਜਗਜੀਤ ਸਿੰਘ ਉਰਫ਼ ਜਸ਼ਨ ਦੋਵੇਂ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲਾਂ ਸਮੇਤ 13 ਜਿੰਦਾ ਕਾਰਤੂਸ ਬਰਾਮਦ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਮਹਿੰਦਰਾ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਰਾਜਪੁਰਾ ਦੇ ਲਿਬਰਟੀ ਚੌਕ ਵਿਖੇ ਨਾਕਾ ਲਗਾਇਆ। ਉਨ੍ਹਾਂ ਦੱਸਿਆ ਕਿ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਉਕਤ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੀ ਮਹਿੰਦਰਾ ਸਕਾਰਪੀਓ ਕਾਰ ਵਿੱਚ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਵਿੰਦਰ ਸ਼ੇਰਾ ਨੇ ਖੁਲਾਸਾ ਕੀਤਾ ਕਿ ਇਕਬਾਲਪ੍ਰੀਤ ਬੁਚੀ ਨੇ ਆਪਣੇ ਗਰੋਹ ਨੂੰ ਮੁੜ ਸੰਗਠਿਤ ਕਰ ਲਿਆ ਸੀ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਪੰਜਾਬ ਵਿੱਚ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਕਬਾਲਪ੍ਰੀਤ ਬੁਚੀ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਸੀ ਅਤੇ ਰਮਨਦੀਪ ਬੱਗਾ ਉਰਫ਼ ਕੈਨੇਡੀਅਨ, ਜੋ ਕਿ 2016-2017 ਦੌਰਾਨ ਮਿੱਥ ਕੇ ਕਤਲ ਦੀਆਂ ਹੋਈਆਂ 7 ਵਾਰਦਾਤਾਂ ਵਿਚ ਮੁੱਖ ਸ਼ੂਟਰ ਸੀ ਅਤੇ ਜਿਸ ‘ਤੇ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.), ਆਰਮਜ਼ ਐਕਟ ਆਦਿ ਨਾਲ ਸਬੰਧਤ 11 ਅਪਰਾਧਿਕ ਕੇਸ ਚੱਲ ਰਹੇ ਹਨ, ਦਾ ਨਜ਼ਦੀਕੀ ਸਾਥੀ ਵੀ ਹੈ। ਇਸ ਸਮੇਂ ਬੱਗਾ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਇਸ ਕੱਟੜਪੰਥੀ ਗਰੁੱਪ ਵਿੱਚ ਹੋਰ ਮੈਂਬਰਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।
ਇਸ ਸਬੰਧੀ ਐਫਆਈਆਰ ਨੰ. 21 ਮਿਤੀ 13/05/02024 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120ਬੀ ਅਤੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।