ਡਾਕਟਰਾਂ ਜਾਂ ਸਿਹਤ ਅਮਲੇ ਵੱਲੋਂ ਕੋਈ ਪਰੇਸ਼ਾਨੀ ਆਉਣ ‘ਤੇ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਪਹੁੰਚ ਕੀਤੀ ਜਾਵੇ
ਗੁਰਦਾਸਪੁਰ, 25 ਅਪ੍ਰੈਲ 2024 ( ਦੀ ਪੰਜਾਬ ਵਾਇਰ )। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨਾਲ ਭਰਾਤਰੀ ਭਾਵ ਵਾਲਾ ਵਿਵਹਾਰ ਰੱਖਣ ਅਤੇ ਕਿਸੇ ਵੀ ਸੂਰਤ ਵਿੱਚ ਸਿਹਤ ਅਮਲੇ ਨਾਲ ਦੁਰਵਿਵਹਾਰ ਬਿਲਕੁਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਰੀਜ਼ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਅਤੇ ਮੈਡੀਕਲ ਅਮਲੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਨਾਲ ਬਦਸਲੂਕੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਰਵੱਈਆ ਰੱਖਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਰੀਜ਼ਾਂ ਦੇ ਕੁਝ ਅਧਿਕਾਰ ਹਨ ਅਤੇ ਕੁਝ ਫ਼ਰਜ਼ ਵੀ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੇ ਨਾਲ ਆਪਣੇ ਫ਼ਰਜ਼ਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਡਾਕਟਰ ਦੀਆਂ ਹਿਦਾਇਤਾਂ ਮੰਨਣੀਆਂ, ਡਾਕਟਰੀ ਸਟਾਫ਼ ਦਾ ਸਨਮਾਨ ਬਰਕਰਾਰ ਰੱਖਣਾ ਅਤੇ ਡਾਕਟਰ ਨੂੰ ਮੰਗੀ ਜ਼ਰੂਰੀ ਸੂਚਨਾ ਦੇਣਾ ਆਦਿ ਮਰੀਜ਼ ਅਤੇ ਉਸ ਦੀ ਸੰਭਾਲ ਕਰਨ ਵਾਲੇ ਮੈਂਬਰਾਂ ਦੇ ਫਰਜ਼ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਹਿਦਾਇਤਾਂ ਅਨੁਸਾਰ ਹਰੇਕ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲ ਵਿਚ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਅਤੇ ਕਿਸੇ ਵੀ ਪਰੇਸ਼ਾਨੀ ਆਉਣ ‘ਤੇ ਸਭ ਤੋ ਪਹਿਲਾਂ ਇਸ ਕਮੇਟੀ ਨੂੰ ਆਪਣੀ ਸ਼ਿਕਾਇਤ ਨੋਟ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਨਿਪਟਾਰਾ ਨਾ ਹੋਵੇ ਤਾਂ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ, ਪਰ ਕਿਸੇ ਵੀ ਸੂਰਤ ਵਿੱਚ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਅਮਲੇ ਨੂੰ ਵੀ ਹਿਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਮਰੀਜ਼ਾਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣ।
