ਗੁਰਦਾਸਪੁਰ ‘ਚ NIA ਨੇ ਕੀਤੀ ਵੱਡੀ ਕਾਰਵਾਈ : ਅੱਤਵਾਦੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦੀ ਪ੍ਰਾਪਰਟੀ ਅਟੈਚ

ਗੁਰਦਾਸਪੁਰ, 19 ਮਾਰਚ 2024 (ਦੀ ਪੰਜਾਬ ਵਾਇਰ)। ਐਨਆਈਏ (NIA) ਦੀ ਟੀਮ ਨੇ ਮੰਗਲਵਾਰ ਨੂੰ ਗੁਰਦਾਸਪੁਰ ‘ਚ ਦਸਤਕ ਦਿੱਤੀ। ਇਸ ਦੌਰਾਨ ਅੱਤਵਾਦੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦੀ ਪਿੰਡ ਪੀਰਮਬਾਗ ਸਥਿਤ ਜਾਇਦਾਦ ਕੁਰਕ ਕਰ ਦਿੱਤੀ ਗਈ। ਅੱਤਵਾਦੀ ਗੁਰਵਿੰਦਰ ਸਿੰਘ ਨੂੰ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ‘ਚ ਨਾਮਜ਼ਦ ਕੀਤਾ ਗਿਆ ਸੀ। ਉਹ ਗੈਂਗਸਟਰ ਸੁਖਪ੍ਰੀਤ ਸਿੰਘ ਹੈਰੀ ਚੱਠਾ ਉਰਫ ਸੁੱਖ ਭਿਖਾਰੀਵਾਲ ਦਾ ਸਾਥੀ ਦੱਸਿਆ ਜਾਂਦਾ ਹੈ।

ਉਸਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾ ਕੇ ਕਾਮਰੇਡ ਸੰਧੂ ਦੇ ਕਤਲ ‘ਚ ਅਹਿਮ ਭੂਮਿਕਾ ਨਿਭਾਈ ਸੀ। ਟੀਮ ਨੇ ਅੱਤਵਾਦੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦੇ ਹਿੱਸੇ ਆਉਂਦੀ ਜ਼ਮੀਨ ਵਿਸ਼ੇਸ਼ ਐਨਆਈਏ ਅਦਾਲਤ ਮੁਹਾਲੀ ਵੱਲੋਂ ਜਾਰੀ ਹੁਕਮਾਂ ਦੇ ਚੱਲਦਿਆਂ ਯੂਏਪੀਏ ਦੀ ਧਾਰਾ 33 ਤਹਿਤ ਕੁਰਕ ਕਰ ਲਈ ਹੈ। ਟੀਮ ਨਾਲ ਪੁੱਜੇ ਮਾਲ ਵਿਭਾਗ ਦੇ ਕਾਨੂੰਗੋ ਰੋਸ਼ਨ ਲਾਲ ਨੇ ਦੱਸਿਆ ਕਿ ਪਿੰਡ ਪੀਰਮਬਾਗ ‘ਚ ਨੌਂ ਮਰਲੇ ਜ਼ਮੀਨ ਦੀ ਕੁਰਕੀ ਕੀਤੀ ਗਈ ਹੈ ਤੇ ਪਿੰਡ ਸਲੇਮਪੁਰ ਅਰਾਈਆਂ ‘ਚ ਦੋ ਕਨਾਲਾਂ ਤੇ ਸੱਤ ਮਰਲੇ ਜ਼ਮੀਨ ਦੀ ਕੁਰਕੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਅਕਤੂਬਰ 2020 ‘ਚ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ‘ਚ ਉਨ੍ਹਾਂ ਦੇ ਘਰ ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕੀਤਾ ਗਿਆ ਸੀ ਤੇ ਬਾਅਦ ਵਿੱਚ ਕੇਸ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।

FacebookTwitterEmailWhatsAppTelegramShare
Exit mobile version