ਵਾਤਾਵਰਣ ਦੀ ਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ: ਮੀਤ ਹੇਅਰ

ਪੰਜਾਬ ਵਿਧਾਨ ਸਭਾ ਵਿੱਚ ਵਾਤਾਵਰਣ ਦੇ ਮਤੇ ਉੱਤੇ ਬੋਲਦਿਆਂ ਜੰਗਲ ਹੇਠਲਾ ਰਕਬਾ ਵਧਾਉਣ ਦੀ ਵਕਾਲਤ ਕੀਤੀ

ਚੰਡੀਗੜ੍ਹ, 7 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਵਿੱਚ ਅੱਜ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਜੰਗਲ ਹੇਠਲਾ ਰਕਬਾ ਵਧਾਉਣ ਦੇ ਮਤੇ ਉੱਤੇ ਬੋਲਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣੀ ਪਵੇਗੀ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਜ਼ਰੂਰੀ ਹੈ।ਜੰਗਲ ਹੇਠਲਾ ਰਕਬਾ ਵਧਾਉਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਅਤੇ ਆਪਣੀ ਰਿਹਾਇਸ਼ ਥਾਂਵਾਂ ਉਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸੋਲਰ ਪੈਨਲ ਲਗਾਉਣ, ਇਕ ਵਾਰ ਵਰਤੋਂ ਵਾਲੇ ਪਲਾਸਟਿਕ ਉੱਤੇ ਪੂਰਨ ਪਾਬੰਦੀ ਦੇ ਨਾਲ ਸਨਅਤੀ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਸਮੇਤ ਹੋਰ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਗਈ।ਸਰਕਾਰ ਨੇ ਪਰਾਲੀ ਦੇ ਪ੍ਰਬੰਧਨ ਵਿੱਚ ਐਕਸ ਸੀਟੂ ਤੇ ਇਨ ਸੀਟੂ ਕੰਮ ਕੀਤੇ ਜਿਸ ਦੇ ਨਤੀਜੇ ਵਜੋਂ ਪਰਾਲੀ ਸਾੜਨ ਦੇ 30 ਫੀਸਦੀ ਕੇਸ ਘਟੇ ਅਤੇ ਇਹ ਟੀਚਾ ਹੋਰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਬੁਲਾ ਕੇ ਸਨਮਾਨ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਖੁਦ ਇਸ ਦੀ ਪਹਿਲਕਦਮੀ ਕਰਕੇ ਉਦਾਹਰਨ ਪੇਸ਼ ਕਰਨ ਦੀ ਲੋੜ ਹੈ।ਪੰਜਾਬ ਵਿੱਚ ਪਰਾਲੀ ਪ੍ਰਬੰਧਨ ਲਈ ਲਗਾਏ ਜਾ ਰਹੇ ਉਦਯੋਗਾਂ ਨੂੰ ਸਥਾਨਕ ਵਾਸੀ ਹੁਲਾਰਾ ਦੇਣ।

ਮੀਤ ਹੇਅਰ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਪਿਛਲੇ ਦੋ ਸਦੀਆਂ ਤੋਂ ਸ਼ੁਰੂ ਹੋਈ ਅਤੇ ਉਦਯੋਗਿਕ ਤਰੱਕੀ ਦੇ ਨਾਲ ਇਸ ਵਿੱਚ ਵੀ ਵਾਧਾ ਹੋਇਆ। ਹਵਾ ਪ੍ਰਦੂਸ਼ਣ ਸਿਹਤ ਲਈ ਵਿਸ਼ਵਵਿਆਪੀ ਸੰਕਟ ਹੈ ਜਿਸ ਨਾਲ ਦੁਨੀਆ ਭਰ ਵਿੱਚ ਲਗਭਗ 70 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ।ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਦੌਰਾਨ ਨੀਲਾ ਅਸਮਾਨ ਦੇਖਣ ਨੂੰ ਮਿਲਿਆ। ਪੰਜਾਬ ਤੋਂ ਧੌਲਧਰ ਤੇ ਸ਼ਿਵਾਲਿਕ ਪਹਾੜੀਆਂ ਦੀ ਰੇਂਜ ਸਾਫ ਦਿਸਣ ਲੱਗ ਗਈ ਸੀ ਜਿਸ ਤੋਂ ਸਪੱਸ਼ਟ ਹੈ ਕਿ ਇਹ ਸਮੱਸਿਆ ਅਸੀਂ ਖੁਦ ਸਹੇੜੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਸੰਯੁਕਤ ਰਾਸ਼ਟਰ ਵੱਲੋਂ 7 ਸਤੰਬਰ ਨੂੰ ਨੀਲਾ ਅਸਮਾਨ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ।

FacebookTwitterEmailWhatsAppTelegramShare
Exit mobile version