ਕਿਰਤੀ ਕਿਸਾਨ ਯੂਨੀਅਨ ਵੱਲੋਂ 8 ਫਰਵਰੀ ਨੂੰ ਡੀ.ਸੀ ਦਫਤਰ ਗੁਰਦਾਸਪੁਰ ਮੂਹਰੇ ਧਰਨਾ ਲਗਾਉਣ ਦਾ ਐਲਾਨ

ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਝੋਨੇ ਦੇ ਰੁਕੇ ਪੈਸਿਆਂ ਦੀ ਅਦਾਇਗੀ ਦੀ ਮੰਗ

ਗੁਰਦਾਸਪੁਰ, 5 ਫਰਵਰੀ 2024 (ਦੀ ਪੰਜਾਬ ਵਾਇਰ)। ਕਿਰਤੀ ਕਿਸਾਨ ਯੂਨੀਅਨ ਵੱਲੋਂ 8 ਫਰਵਰੀ ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਰੋਸ਼ ਧਰਨਾ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਰੁਕੇ ਹੋਏ ਝੋਨੇ ਦੇ ਪੈਸੇ ਲੈਣ ਲਈ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਕਿਰਤੀ ਕਿਸਾਨ ਯੂਨਿਅਨ ਦੇ ਆਗੂਆ ਵੱਲੋਂ ਪ੍ਰੈਸ ਵਾਰਤਾ ਕਰ ਜਾਣਕਾਰੀ ਦਿੱਤੀ ਗਈ।

ਇਸ ਸਬੰਧ ਵਿੱਚ ਕਿਸਾਨ ਆਗੂਆ ਵੱਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸਾਲ 2021-22 ਵਿੱਚ ਕਲਾਨੌਰ ਦੀਆਂ ਮੰਡੀਆਂ ਵਿੱਚੋਂ ਪਨਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਗਈ ਸੀ। ਜਿਸ ਵਿੱਚ ਧਾਂਦਲੀ ਦਾ ਮਾਮਲਾ ਸਾਹਮਣਾ ਆਇਆ ਸੀ। ਇਸ ਸਬੰਧੀ ਕਈ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪਰ ਇਸ ਸਮੇਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆ ਦੇ ਦੋਹਾਂ ਸਾਲਾਂ ਦੇ ਪੈਸੇ ਰੋਕ ਲਏ ਗਏ ਅਤੇ ਕਾਰਨ ਪੁੱਛਣ ਤੇ ਪਨਸਪ ਵੱਲੋਂ ਕੇਸ ਦਾ ਹਵਾਲਾ ਦਿੱਤਾ ਗਿਆ।

ਇਸ ਸੰਬੰਧੀ ਆਗੂਆ ਵੱਲੋਂ ਐੱਮ.ਡੀ ਪਨਸਪ ਚੰਡੀਗੜ੍ਹ ਨੂੰ ਮਿਲਿਆ ਗਿਆ ਅਤੇ ਬਾਅਦ ਵਿੱਚ ਡਾਇਰੈੱਕਟਰ ਖੁਰਾਕ ਅਤੇ ਸਪਲਾਈ ਵਿਭਾਗ ਚੰਡੀਗੜ੍ਹ ਵੱਲੋਂ ਐੱਮ.ਡੀ ਪਨਸਪ ਨੂੰ ਪੋਸਟ ਪਰੋਕੁਈਰਮੈਂਟ ਫੰਡ ਵਿੱਚੋਂ ਪੈਸਾ ਦੇਣ ਲਈ ਕਿਹਾ ਗਿਆ ਹੈ। ਪਰ ਐੱਮ.ਡੀ ਪਨਸਪ ਚੰਡੀਗੜ੍ਹ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਪੂਰੀ ਫਾਇਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੋਲ਼ ਹੈ ਉਹਨਾਂ ਦੇ ਦਸਤਖਤ ਹੋਣ ਤੋਂ ਬਾਅਦ ਅਦਾਇਗੀ ਕਰ ਦਿੱਤੀ ਜਾਵੇਗੀ। ਪਰ ਕੈਬਨਿਟ ਮੰਤਰੀ ਵੱਲੋਂ ਦਸਤਖਤ ਕਰਨ ਸੰਬੰਧੀ ਢੰਗ ਟਪਾਇਆ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਪੈਸੇ ਉਨ੍ਹਾ ਨੂੰ ਨਹੀਂ ਮਿਲ ਰਹੇ ਹਨ॥

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਬਲਾਕ ਕਲਾਨੌਰ ਆਗੂ ਦੇ ਦਲਜੀਤ ਸਿੰਘ ਤਲਵੰਡੀ ਅਤੇ ਸਤਨਾਮ ਸਿੰਘ ਮਾਨੇਪੁਰ ਨੇ ਕਿਹਾ ਕਿ ਗ਼ਬਨ ਦੇ ਮਾਮਲੇ ਵਿੱਚ ਦੋਸ਼ੀ ਸ਼ੈੱਲਰ ਮਾਲਕ ਅਤੇ ਪਨਸਪ ਦੇ ਉੱਚ ਅਧਿਕਾਰੀਆਂ ਦੀ ਕਥਿਤ ਤੌਰ ਤੇ ਸ਼ਮੂਲੀਅਤ ਹੈ। ਪ੍ਰੰਤੂ ਇਸ ਸੰਬੰਧੀ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਪੈਸੇ ਰੋਕਣਾ ਬਿਲਕੁਲ ਵੀ ਵਾਜਬ ਨਹੀਂ ਹੈ। ਉਨ੍ਹਾਂ ਪਨਸਪ ਵਿਭਾਗ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਕਿਸਾਨਾਂ ਨੂੰ ਕਿਉਂ ਖੱਜਲ-ਖੁਆਰ ਕੀਤਾ ਗਿਆ ਹੈ?

ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ 8 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਉਹਨਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਵਿਆਜ ਸਮੇਤ ਦਿੱਤੀ ਜਾਵੇ।

Exit mobile version