ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਵੀਆਂ ਗੱਡੀਆਂ ਅਧਿਕਾਰੀਆਂ ਨੂੰ ਸਪੁਰਦ ਕੀਤੀਆਂ

ਸਰਕਾਰੀ ਗੱਡੀਆਂ ਮਿਲਣ ਨਾਲ ਅਧਿਕਾਰੀਆਂ ਦੀ ਫੀਲਡ ਵਿੱਚ ਪਹੁੰਚ ਅਸਾਨ ਹੋਵੇਗੀ – ਡਿਪਟੀ ਕਮਿਸ਼ਨਰ

ਗੱਡੀਆਂ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਗੁਰਦਾਸਪੁਰ, 22 ਜਨਵਰੀ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੁਧਾਰ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾ ਤਹਿਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ 9 ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਅਧਿਕਾਰੀਆਂ ਦੀ ਫੀਲਡ ਵਿੱਚ ਪਹੁੰਚ ਅਸਾਨ ਹੋ ਸਕੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਐੱਸ.ਡੀ.ਐੱਮ. ਕਲਾਨੌਰ, ਐੱਸ.ਡੀ.ਐੱਮ. ਦੀਨਾਨਗਰ, ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ, ਐੱਸ.ਡੀ.ਐੱਮ. ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, ਜ਼ਿਲ੍ਹਾ ਮਾਲ ਅਫ਼ਸਰ ਗੁਰਦਾਸਪੁਰ, ਤਹਿਸੀਲਦਾਰ ਬਟਾਲਾ, ਤਹਿਸੀਲਦਾਰ ਗੁਰਦਾਸਪੁਰ, ਤਹਿਸੀਲਦਾਰ ਡੇਰਾ ਬਾਬਾ ਨਾਨਕ ਅਤੇ ਤਹਿਸੀਲਦਾਰ ਦੀਨਾਨਗਰ ਨੂੰ ਨਵੀਆਂ ਗੱਡੀਆਂ ਸਪੁਰਦ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਗੱਡੀਆਂ ਮਿਲਣ ਨਾਲ ਹੁਣ ਉਨ੍ਹਾਂ ਦੇ ਸਰਕਾਰੀ ਕੰਮ-ਕਾਜ ਵਿੱਚ ਕੁਸ਼ਲਤਾ ਹੋਰ ਵਧੇਗੀ ਅਤੇ ਅਧਿਕਾਰੀਆਂ ਦੀ ਫੀਲਡ ਵਿੱਚ ਪਹੁੰਚ ਅਸਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਕੋਲ ਸਰਕਾਰੀ ਗੱਡੀਆਂ ਹੋਣ ਨਾਲ ਹੁਣ ਉਹ ਬਿਨ੍ਹਾਂ ਦੇਰੀ ਫੀਲਡ ਵਿਚਲੇ ਆਪਣੇ ਕੰਮ ਨਿਪਟਾ ਸਕਣਗੇ ਅਤੇ ਇਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।

ਓਧਰ ਸਰਕਾਰੀ ਗੱਡੀਆਂ ਪ੍ਰਾਪਤ ਕਰਨ ਵਾਲੇ ਅਧਿਕਾਰੀ ਸਹਾਇਕ ਕਮਿਸਨਰ (ਜ) ਮੈਡਮ ਇਰਵਿਨ ਕੌਰ, ਐੱਸ.ਡੀ.ਐੱਮ. ਫਤਿਹਗੜ ਚੂੜੀਆਂ ਸ. ਬੇਅੰਤ ਸਿੰਘ ਸਿੱਧੂ, ਐੱਸ.ਡੀ.ਐੱਮ. ਦੀਨਾਨਗਰ ਸ. ਗੁਰਦੇਵ ਸਿੰਘ ਧਾਮ, ਐੱਸ.ਡੀ.ਐੱਮ.  ਸ. ਰਾਜਪਾਲ ਸਿੰਘ ਸੇਖੋਂ ਤੇ ਹੋਰ ਅਧਿਕਾਰੀਆਂ  ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਸਰਕਾਰੀ ਗੱਡੀ ਨਾ ਹੋਣ ਕਾਰਨ ਉਨ੍ਹਾਂ ਨੂੰ ਫੀਲਡ ਵਿੱਚ ਜਾਣ ਸਮੇਂ ਔਖ ਆਉਂਦੀ ਸੀ ਅਤੇ ਫੀਲਡ ਦੇ ਕਈ ਕੰਮ ਪ੍ਰਭਾਵਤ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਦੀ ਫੀਲਡ ਵਿੱਚ ਉਨ੍ਹਾਂ ਦੀ ਪਹੁੰਚ ਅਸਾਨ ਹੋਵੇਗੀ ਅਤੇ ਉਹ ਹੁਣ ਹੋਰ ਵੀ ਬੇਹਤਰ ਢੰਗ ਨਾਲ ਲੋਕਾਂ ਦੀ ਸੇਵਾ ਕਰ ਸਕਣਗੇ।  

Exit mobile version