ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ ਮਨਾਈ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੋਹੜੀ ਮੌਕੇ ਨਾਰੀ ਸ਼ਕਤੀਕਰਨ ਕੇਂਦਰ ਦਾ ਉਦਘਾਟਨ

ਨਾਰੀ ਸ਼ਕਤੀਕਰਨ ਕੇਂਦਰ ਵਿਖੇ ਲੜਕੀਆਂ ਲਈ ਮੁਫ਼ਤ ਡਰਾਈਵਿੰਗ ਸਿਖਲਾਈ ਅਤੇ ਸੋਫ਼ਟ ਸਕਿੱਲ ਦੇ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਗਈ

ਧੀਆਂ ਨੇ ਆਪਣੀ ਕਾਬਲੀਅਤ ਨਾਲ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 11 ਜਨਵਰੀ 2024 ( ਦੀ ਪੰਜਾਬ ਵਾਇਰ)। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਰੋਹ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਧੀਆਂ ਨੂੰ ਖੂਬਸੂਰਤ ਤੋਹਫ਼ਾ ਦਿੰਦਿਆਂ ਗੁਰਦਾਸਪੁਰ ਵਿਖੇ ਸਥਾਪਤ ਕੀਤੇ ਗਏ ਨਾਰੀ ਸ਼ਕਤੀਕਰਨ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਹੀ ਇੱਥੇ ਲੜਕੀਆਂ ਲਈ ਮੁਫ਼ਤ ਡਰਾਈਵਿੰਗ ਸਿਖਲਾਈ ਅਤੇ ਸੋਫ਼ਟ ਸਕਿੱਲ ਦੇ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਗਈ।

ਧੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਧੀਆਂ ਨੇ ਆਪਣੀ ਕਾਬਲੀਅਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਧੀਆਂ ਨੂੰ ਅੱਗੇ ਵੱਧਣ ਦੇ ਮੌਕੇ ਦਿੱਤੇ ਜਾਣ ਤਾਂ ਉਹ ਵੱਡੀ ਤੋਂ ਵੱਡੀ ਮੰਜ਼ਿਲ ਵੀ ਸਰ ਕਰ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀਆਂ ਲੜਕੀਆਂ ਨੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਹਾਸਲ ਕੀਤਾ ਹੈ ਜੋ ਹੋਰਾਂ ਲਈ ਵੀ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨਾਰੀ ਸਸ਼ਕਤੀਕਰਨ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ।  

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਦ ਪਏ ਲੇਡੀਜ਼ ਕਲੱਬ ਦੀ ਮੁਰੰਮਤ ਕਰਕੇ ਇਸਨੂੰ ਨਵੀਂ ਦਿੱਖ ਦਿੱਤੀ ਗਈ ਹੈ ਅਤੇ ਇਸਨੂੰ ਹੁਣ ਨਾਰੀ ਸ਼ਕਤੀਕਰਨ ਕੇਂਦਰ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਰੀ ਸ਼ਕਤੀਕਰਨ ਕੇਂਦਰ ਵਿੱਚ ਲੜਕੀਆਂ ਨੂੰ ਮੁਫ਼ਤ ਡਰਾਇਵਿੰਗ ਦੀ ਸਿਖ਼ਲਾਈ ਦੇ ਨਾਲ ਉਨ੍ਹਾਂ ਨੂੰ ਸਾੱਫ਼ਟ ਸਕਿੱਲ ਦੀ ਸਿਖ਼ਲਾਈ ਵੀ ਦਿੱਤੀ ਜਾਵੇਗੀ, ਜਿਸਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਾਰੀ ਸ਼ਕਤੀ ਕੇਂਦਰ ਔਰਤਾਂ ਦੇ ਸਸ਼ਕਤੀਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗਾ।

ਅੱਜ ਦੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਨਵ-ਨਿਯੁਕਤ ਜੱਜ ਮਿਸ ਮਨਮੋਹਨਜੀਤ ਕੌਰ ਨੇ ਆਪਣੀ ਸਫ਼ਲਤਾ ਦੀ ਕਹਾਣੀ ਆਪਣੀ ਜ਼ੁਬਾਨੀ ਦੱਸ ਕੇ ਲੜਕੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਮਨਮੋਹਨਜੀਤ ਕੌਰ ਨੇ ਕਿਹਾ ਕਿ ਲੜਕੀਆਂ ਪੜ੍ਹਾਈ ਦੇ ਨਾਲ ਜਿਸ ਵੀ ਖੇਤਰ ਵਿੱਚ ਜਾਣਾ ਚਾਹੁੰਦੀਆਂ ਹਨ ਉਸ ਲਈ ਖੂਬ ਮਿਹਨਤ ਕਰਨ, ਸਫ਼ਲਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਉਸਨੇ ਹਾਜ਼ਰੀਨ ਨੂੰ ਲੋਹੜੀ ਦੀ ਮੁਬਾਰਕਬਾਦ ਵੀ ਦਿੱਤੀ।

ਇਸ ਮੌਕੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਤੇ ਨਾਰੀ ਸ਼ਕਤੀ ’ਤੇ ਵਾਰ ਤੇ ਗੀਤ ਦੀ ਪੇਸ਼ਕਾਰੀ ਵੀ ਕੀਤੀ ਗਈ। ਆਦਰਸ਼ ਸਕੂਲ ਕੋਟ ਧੰਦਲ ਦੇ ਵਿਦਿਆਰਥੀਆਂ ਵੱਲੋਂ ਨਾਰੀ ਸ਼ਕਤੀਕਰਨ ’ਤੇ ਸਕਿੱਟ ਪੇਸ਼ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ 11 ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਰਵਾਏ ਗਏ ਹੈਲਥੀ ਬੇਬੀ ਸ਼ੋਅ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।ਕਮਲ ਅਜੀਵਿਕਾ ਸੈਲਫ ਹੈਲਪ ਗਰੁੱਪ, ਮੀਰਪੁਰ ਅਤੇ ਮਿਸ਼ਨ ਅਜੀਵਿਕਾ ਸੈਲਫ ਹੈਲਪ ਗੁਰੱਪ ਗਾਂਧੀਆਂ ਦੀਆਂ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਸਾਲ ਵੱਖ-ਵੱਖ ਖੇਤਰਾਂ ਵਿੱਚ ਮਾਣਮੱਤੀਆਂ ਪ੍ਰਾਪਤ ਕਰਨ ਵਾਲੀਆਂ ਗੁਰਦਾਸਪੁਰ ਦੀਆਂ ਧੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਅਖੀਰ ਵਿੱਚ ਭੁੱਗਾ ਬਾਲ ਕੇ ਧੀਆਂ ਦੀ ਲੋਹੜੀ ਮਨਾਈ ਗਈ ਅਤੇ ਆਂਗਨਵਾੜੀ ਵਰਕਰਾਂ ਨੇ ਖੁਸ਼ੀ ਵਿੱਚ ਗਿੱਧਾ ਅਤੇ ਸ਼ਗਨਾਂ ਦੇ ਗੀਤ ਗਾਏ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਪ੍ਰਸ਼ੋਤਮ ਸਿੰਘ, ਜ਼ਿਲ੍ਹਾ ਰੁਜ਼ਗਾਰ ਅਫ਼ਸਰ, ਸਮਾਜ ਸੇਵੀ ਰੋਮੇਸ਼ ਮਹਾਜਨ, ਡਾ. ਤੇਜਿੰਦਰ ਕੌਰ, ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ, ਡਾ. ਰੋਮੀ ਰਾਜਾ, ਸੀ.ਡੀ.ਪੀ.ਓ. ਵਰਿੰਦਰ ਸਿੰਘ, ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਡੀਨ ਪ੍ਰੋ. ਸੁਨੀਲ ਗਰੋਵਰ, ਮਿਊਜ਼ਿਕ ਉਸਤਾਦ ਪ੍ਰੋ ਸੋਨੂੰ, ਸਾਬਕਾ ਸਿੱਖਿਆ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ, ਪ੍ਰੋ. ਰਾਜ ਕੁਮਾਰ ਸ਼ਰਮਾਂ, ਸੁੱਚਾ ਸਿੰਘ ਮੁਲਤਾਨੀ, ਸੰਜੀਵ ਕੁਮਾਰ, ਸ੍ਰੀਮਤੀ ਸਮਿਤਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਮੋਹਤਬਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਸਟਾਫ਼ ਹਾਜ਼ਰ ਸੀ।  

Exit mobile version