ਗੋਆ ਵਿਖੇ 37 ਵੀਂਆਂ ਰਾਸ਼ਟਰੀ ਖੇਡਾਂ ਵਿੱਚ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਸ਼ਾਨਦਾਰ ਆਗਾਜ਼

ਗੋਆ ਦੇ ਖੇਡ ਮੰਤਰੀ ਨੇ ਕੀਤਾ ਉਦਘਾਟਨ

ਗੋਆ ਦੇ ਡੀਜੀਪੀ ਜਸਪਾਲ ਸਿੰਘ ਅਤੇ ਜੀ.ਟੀ.ਸੀ.ਸੀ ਦੇ ਚੇਅਰਮੈਨ ਸ਼੍ਰੀ ਅਮਿਤਾਭ ਸ਼ਰਮਾ ਵੀ ਉਚੇਚੇ ਤੌਰ ਤੇ ਰਹੇ ਮੌਜੂਦ

ਮੋਹਾਲੀ 1 ਨਵੰਬਰ 2023 ( ਦੀ ਪੰਜਾਬ ਵਾਇਰ)। ਗੋਆ ਵਿਖੇ ਚੱਲ ਰਹੀਆਂ 37 ਵੀਆਂ ਰਾਸ਼ਟਰੀ ਖੇਡਾਂ ਵਿਚ ਪਹਿਲੀ ਵਾਰੀ ਸਿੱਖ ਮਾਰਸ਼ਲ ਆਰਟ ਦੀ ਖੇਡ ਗਤਕਾ ਨੂੰ ਖੇਡਿਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਗੋਆ ਦੇ ਖੇਡ ਮੰਤਰੀ ਸ਼੍ਰੀ ਗੋਵਿੰਦ ਗੌੜੇ ਜੋ ਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਨੇ ਕੀਤਾ। ਇਸ ਮੌਕੇ ਗੋਆ ਦੇ ਡੀਜੀਪੀ ਸਰਦਾਰ ਜਸਪਾਲ ਸਿੰਘ ਆਈਪੀਐਸ, ਜੀ.ਟੀ.ਸੀ.ਸੀ ਦੇ ਚੇਅਰਮੈਨ ਸ਼੍ਰੀ ਅਮਿਤਾਭ ਸ਼ਰਮਾ ਅਤੇ ਗੋਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਜਿਕਰਯੋਗ ਹੈ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਸਦਕਾ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਮੌਕੇ ਬੋਲਦਿਆਂ ਗੋਆ ਦੇ ਖੇਡ ਮੰਤਰੀ ਗੋਵਿੰਦ ਗੌੜੇ ਨੇ ਕਿਹਾ ਕਿ ਗਤਕਾ ਅਜਿਹੀ ਵਿਲੱਖਣ ਖੇਡ ਹੈ ਜਿਸ ਵਿੱਚ ਲੜਕੇ ਅਤੇ ਲੜਕੀਆਂ ਬਿਨ੍ਹਾਂ ਕਿਸੇ ਭੇਦ ਭਾਵ ਦੇ ਭਾਗ ਲੈਂਦੇ ਹਨ ਅਤੇ ਸਵੈ ਰੱਖਿਆ ਲਈ ਪ੍ਰੇਰਿਤ ਕੀਤੇ ਜਾਣ ਵਾਲੀ ਵਿਲੱਖਣ ਕਲਾ ਦੇ ਜੌਹਰ ਦਿਖਾਉਂਦੇ ਹਨ।

ਗੋਆ ਦੇ ਡੀਜੀਪੀ ਸਰਦਾਰ ਜਸਪਾਲ ਸਿੰਘ ਆਈਪੀਐਸ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੁਆਰਾ ਬਖ਼ਸ਼ੀ ਹੋਈ ਇਸ ਵਿਰਾਸਤੀ ਖੇਡ ਨੂੰ ਰਾਸ਼ਟਰੀ ਪੱਧਰ ਤੇ ਇਨ੍ਹਾਂ ਮਾਨਤਾ ਪ੍ਰਾਪਤ ਹੋਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਅਤੇ ਨੈਸ਼ਨਲ ਖੇਡਾਂ ਦੇ ਡਾਇਰੈਕਟਰ ਆਫ ਕੰਪੀਟੀਸ਼ਨ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਖੇਡ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲਣੀ ਗਤਕਾ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਓਪਨਿੰਗ ਸੈਰਾਮਨੀ ਦੌਰਾਨ ਖਿਡਾਰੀਆਂ ਵੱਲੋਂ ਮਾਰਚ ਪਾਸ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ । ਪਹਿਲੇ ਦਿਨ ਦੀ ਖੇਡ ਵਿੱਚ ਲੜਕਿਆਂ ਤੇ ਲੜਕੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਇਸ ਦੇ ਨਾਲ ਹੀ ਪਹਿਲੀ ਨਵੰਬਰ ਨੂੰ ਸੈਮੀ ਫਾਈਨਲ ਅਤੇ ਦੋ ਨਵੰਬਰ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ।

ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਸਾਲ 2008 ਤੋਂ ਗਤਕਾ ਖੇਡ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਹੈ ਅਤੇ ਸਾਲ ਦਰ ਸਾਲ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ

ਡਾਕਟਰ ਰਜਿੰਦਰ ਸਿੰਘ ਸੋਹਲ ਕਾਰਜਕਾਰੀ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਆ ਦੇ ਪਣਜਿੰਮ ਸ਼ਹਿਰ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ 11 ਰਾਜਾਂ ਦੇ 176 ਖਿਡਾਰੀ ਭਾਗ ਲੈ ਰਹੇ ਹਨ। ਭਾਗ ਲੈਣ ਵਾਲੇ ਰਾਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੋਆ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 88 ਲੜਕੇ ਅਤੇ 88 ਲੜਕੀਆਂ ਸ਼ਾਮਿਲ ਹੋਣਗੀਆਂ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ 25 ਮੈਂਬਰਾਂ ਦੀ ਰੈਫਰੀ ਟੀਮ ਪਹਿਲਾਂ ਹੀ ਉਥੇ ਮੌਜੂਦ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਖੇਡ ਨੂੰ ਏਸ਼ੀਆ ਅਤੇ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਕਾਰਜ ਆਰੰਭ ਦਿੱਤੇ ਗਏ ਹਨ। ਇਸ ਕਾਰਜ ਦੀ ਪੂਰਤੀ ਲਈ ਛੇਤੀ ਹੀ ਏਸ਼ੀਆ ਗਤਕਾ ਕੱਪ ਅਤੇ ਵਰਲਡ ਗਤਕਾ ਕੱਪ ਕਰਵਾਏ ਜਾ ਰਹੇ ਹਨ।

ਇਸ ਮੌਕੇ ਜਾਰੀ ਸਾਂਝੇ ਬਿਆਨ ਵਿੱਚ ਡਾਕਟਰ ਰਜਿੰਦਰ ਸਿੰਘ ਸੋਹਲ, ਬਲਜਿੰਦਰ ਸਿੰਘ ਤੂਰ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਮੂਹ ਮੈਂਬਰਾਂ ਵੱਲੋਂ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕਰਨ ਲਈ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਪੀ.ਟੀ ਊਸ਼ਾ ਅਤੇ ਜੀ.ਟੀ.ਸੀ.ਸੀ ਦੇ ਚੇਅਰਮੈਨ ਸ਼੍ਰੀ ਅਮਿਤਾਭ ਸ਼ਰਮਾ ਜੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

FacebookTwitterEmailWhatsAppTelegramShare
Exit mobile version