ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ

ਗੁਰਦਾਸਪੁਰ, 23 ਅਕਤੂਬਰ 2023 ( ਦੀ ਪੰਜਾਬ ਵਾਇਰ)। ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ 21 ਅਕਤੂਬਰ, 2023 ਤੋਂ ਸ਼ੁਰੂ ਹੋ ਗਿਆ ਹੈ, ਜਿਸ ਤਹਿਤ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਸਬੰਧੀ ਫਾਰਮ 3(1) ਨਾਲ ਨਿਮਨ ਅਨੁਸਾਰ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਪਹਿਚਾਣ ਲਈ ਤੇ ਇੱਕ ਕਲਰ ਫ਼ੋਟੋ ਲਗਾਉਣ ਜ਼ਰੂਰੀ ਹੈ।

ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ ਵੱਲੋਂ ਪ੍ਰਵਾਨਿਤ ਅਧਿਕਾਰਿਤ ਪਛਾਣ ਦਸਤਾਵੇਜ਼ਾਂ ਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਫ਼ੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰ/ਰਾਜ ਸਰਕਾਰ/ਪੀ.ਐੱਸ.ਯੂ./ਪਬਲਿਕ ਲਿਮਿਟੇਡ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫ਼ੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਵਾਲੀਆਂ ਪਾਸਬੁੱਕਾਂ, ਪੈਨ ਕਾਰਡ, ਆਰ.ਜੀ.ਆਈ ਤਹਿਤ ਐੱਨ.ਪੀ.ਆਰ. ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਿਤ ਪਛਾਣ ਪੱਤਰ ਹਨ।

ਉਨ੍ਹਾਂ ਨੇ ਜ਼ਿਲ੍ਹੇ ’ਚ ਇਸ ਸਬੰਧੀ ਲਏ ਰਿਵਾਈਜਿੰਗ ਅਥਾਰਟੀ ਅਫਸਰਾਂ ਨੂੰ ਇਸ ਸਬੰਧੀ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਦੀਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਮਤਦਾਤਾ ਬਣਨ ਦੇ ਚਾਹਵਾਨ ਲੋਕਾਂ ਨੂੰ ਵੀ 15 ਨਵੰਬਰ ਤੱਕ ਆਪਣੇ ਫ਼ਾਰਮ ਉਕਤ ਪਛਾਣ ਪੱਤਰਾਂ ਦੇ ਨਾਲ ਸਬੰਧਤ ਐੱਸ.ਡੀ.ਐੱਮ ਦਫ਼ਤਰਾਂ ਵਿੱਚ ਜਮਾਂ ਕਰਵਾਉਣ ਦੀ ਅਪੀਲ ਕੀਤੀ ਹੈ।

FacebookTwitterEmailWhatsAppTelegramShare
Exit mobile version