ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦੀਨਾਨਗਰ ਅਤੇ ਬਟਾਲਾ ਦਾਣਾ ਮੰਡੀ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ

ਪੰਜਾਬ ਸਰਕਾਰ ਨੇ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਕਟਾਰੂਚੱਕ

ਗੁਰਦਾਸਪੁਰ, 15 ਅਕਤੂਬਰ 2023 (ਦੀ ਪੰਜਾਬ ਵਾਇਰ )। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜਿਲ੍ਹਾਂ ਗੁਰਦਾਸਪੁਰ ਦੀ ਦੀਨਾਨਗਰ ਅਨਾਜ ਮੰਡੀ ਅਚੇ ਬਟਾਲਾ ਦਾਣਾ ਮੰਡੀ ਦਾ ਦੌਰਾ ਕਰਦਿਆਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਖਰੀਦ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਲਗਭਗ 8 ਲੱਖ ਕਿਸਾਨਾਂ ਦੀ ਹੋਣ ਵਾਲੀ ਸੰਭਾਵਿਤ ਆਮਦ ਦੇ ਮੱਦੇਨਜ਼ਰ ਸਰਕਾਰ ਵੱਲੋਂ 1854 ਖਰੀਦ ਕੇਂਦਰ ਬਣਾਏ ਗਏ ਹਨ ਅਤੇ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਕੈਬਨਿਟ ਮੰਤਰੀ ਨੇ ਬਟਾਲਾ ਮੰਡੀ ਅੰਦਰ ਜਾਇਜਾ ਲੈਣ ਸਮੇਂ ਦੱਸਿਆ ਕਿ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਲਿਆ ਰਹੇ ਕਿਸਾਨਾਂ ਦੀ ਹਰ ਸਹੂਲਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਜਿਥੇ ਕਿਸਾਨਾਂ ਦੁਆਰਾ ਲਿਆਂਦੀ ਫਸਲ ਦੀ ਨਾਲੋ-ਨਾਲ ਖਰੀਦ ਕਰਕੇ ਮੰਡੀਆਂ ਵਿੱਚੋਂ ਚੁਕਾਈ ਕੀਤੀ ਜਾ ਰਹੀ ਹੈ ਉਥੇ ਹੀ ਖਰੀਦੀ ਫਸਲ ਦੀ ਅਦਾਇਗੀ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੁਣ ਤੱਕ ਕਿਸਾਨਾਂ ਨੂੰ ਖਰੀਦੀ ਫਸਲ ਦੀ ਲਗਭਗ 2352 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਕੀਤੇ ਗਏ ਐਲਾਨ ਮੁਤਾਬਕ ਕਿਸਾਨਾਂ ਨੂੰ ਖਰੀਦੀ ਫਸਲ ਦੀ 24 ਘੰਟਿਆਂ ਦੇ ਅੰਦਰ ਹੀ ਅਦਾਇਗੀ ਹੋ ਰਹੀ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ 14 ਅਕਤੂਬਰ ਤੱਕ 21 ਲੱਖ ਮੀਟਰਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਸੀ, ਜਿਸ ਵਿੱਚੋਂ 20 ਲੱਖ ਮੀਟਰਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਿਫਟਿੰਗ ਦੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਲਿਫਟਿੰਗ ਵਾਲੇ ਵਾਹਨਾਂ ’ਤੇ ਜੀ.ਪੀ.ਐਸ. ਟਰੈਕਰ ਵੀ ਲਗਾਏ ਗਏ ਹਨ ਤਾਂ ਜੋ ਖਰੀਦ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਉਹ ਖੁਦ ਪੂਰੇ ਪੰਜਾਬ ਦੀਆਂ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਓਥੇ ਉਨ੍ਹਾਂ ਦੇ ਸਾਥੀ ਮੰਤਰੀ, ਵਿਧਾਇਕ, ਚੇਅਰਮੈਨ, ਰਾਜ ਸਰਕਾਰ ਦੇ ਉੱਚ ਅਧਿਕਾਰੀ ਵੀ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਸੁੱਕਾ ਕੇ ਹੀ ਲਿਆਂਦੀ ਜਾਵੇ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਜ਼ਮੀਨ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨੇ ਮੰਡੀ ਵਿੱਚ ਆਏ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਿਸਾਨਾਂ ਨੂੰ ਦੀਵਾਲੀ, ਦੁਸ਼ਿਹਰਾ ਤੇ ਵਿਸਾਖੀ ਵਰਗੇ ਅਹਿਮ ਤਿਓਹਾਰਾਂ ਮੌਕੇ ਵੀ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਹੀ ਰਾਤਾਂ ਕੱਟਣੀਆਂ ਪੈਂਦੀਆਂ ਸਨ ਪ੍ਰੰਤੂ ਮਾਨ ਸਰਕਾਰ ਨੇ ਤਹੱਈਆ ਕੀਤਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤਾਂ ਨਹੀਂ ਕੱਟਣ ਦੇਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਗਈ ਫਸਲ ਦੇ ਤੈਅ ਸਮੇਂ ਅੰਦਰ ਅਦਾਇਗੀ ਕਰਨ ਲਈ ਕੀਤੇ ਪ੍ਰਬੰਧਾਂ ਕਰਨ ਹੁਣ ਤੱਕ 2352 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਤੱਕ 21 ਲੱਖ ਮੀਟਰਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਸੀ, ਜਿਸ ਵਿੱਚੋਂ 20 ਲੱਖ ਮੀਟਰਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਤੇ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ ਵਿਚ ਖਰੀਦੇ ਗਏ ਝੋਨੇ ਦੀ ਨਾਲੋ-ਨਾਲ ਲਿਫਟਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ 24 ਘੰਟੇ ਵਿੱਚ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਗਈ ਫਸਲ ਦੇ ਤੈਅ ਸਮੇਂ ਅੰਦਰ ਅਦਾਇਗੀ ਕਰਨ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਂਦੀ ਜਾਵੇ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਜ਼ਮੀਨ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿੱਤੀ ਜਾਵੇ।

ਦੀਨਾਨਗਰ ਦੀ ਮੰਡੀ ਵਿੱਚ ਮੰਤਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ੍ਰੀ ਸ਼ਮਸ਼ੇਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਬਾਜਵਾ, ਤਹਿਸੀਲਦਾਰ ਮਨਜੀਤ ਸਿੰਘ, ਡੀ.ਐੱਫ.ਐੱਸ.ਓ. ਨਵਨੀਤ ਕੌਰ, ਇੰਸਪੈਕਟਰ ਕਿਰਨ ਕੁਮਾਰ, ਵਰਿੰਦਰ ਕੁਮਾਰ, ਐੱਸ.ਡੀ.ਓ ਮੰਡੀ ਬੋਰਡ ਅਸ਼ੋਕ ਕੁਮਾਰ, ਮਨਮੋਹਨ ਸਿੰਘ, ਪਰਦੀਪ ਠਾਕੁਰ, ਰਾਜਿੰਦਰ ਕੁਮਾਰ, ਬਲਦੇਵ ਸਿੰਘ, ਵਤਨ ਸਿੰਘ, ਰਾਜੇਸ਼ ਕੁਮਾਰ, ਗੁਰਨਾਮ ਸਿੰਘ, ਰਾਜ ਕੁਮਾਰ ਆਦਿ ਹਾਜਿਰ ਸਨ।

FacebookTwitterEmailWhatsAppTelegramShare
Exit mobile version